ਕਾਂਗਰਸ ਆਪਣੇ ਹੀ ਸਾਥੀਆਂ ਨਾਲ ਮਾੜਾ ਸਲੂਕ ਕਰਦੀ ਹੈ : ਟੰਡਨ
ਰਾਜਨੀਤਿਕ ਤੌਰ ‘ ਤੇ ਖਤਮ ਕਰਨ ਲਈ ਕਾਂਗਰਸ ਆਪਣੇ ਹੀ ਸਾਥੀਆਂ ਨਾਲ ਕਸਾਈ ਵਰਗਾ ਸਲੂਕ ਕਰਦੀ ਹੈ : ਸੰਜੇ ਟੰਡਨ
Publish Date: Mon, 23 Feb 2026 09:01 PM (IST)
Updated Date: Mon, 23 Feb 2026 09:04 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੀਨੀਅਰ ਭਾਜਪਾ ਆਗੂ ਸੰਜੇ ਟੰਡਨ ਨੇ ਅੱਜ ਭਾਰਤੀ ਰਾਸ਼ਟਰੀ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਚੰਡੀਗੜ੍ਹ ਵਿੱਚ ਸੁਚੱਜੇ ਢੰਗ ਨਾਲ ਆਪਣੇ ਹੀ ਸਾਥੀਆਂ ਨਾਲ ਧੋਖਾ ਕਰ ਰਹੀ ਹੈ ਅਤੇ ਮੌਕਾਪਰਸਤ ਰਾਜਨੀਤੀ ਵਿੱਚ ਲੀਨ ਹੈ। ਆਮ ਆਦਮੀ ਪਾਰਟੀ ਦੇ ਇੰਚਾਰਜ ਰਹੇ ਸਵ. ਪ੍ਰਦੀਪ ਛਾਬੜਾ ਦੀ ਪਤਨੀ ਰਿਤੂ ਛਾਬੜਾ ਵੱਲੋਂ ਆਪਣੇ ਸਮਰਥਕਾਂ ਅਤੇ ਹੋਰ ਆਗੂਆਂ ਹਰਜਿੰਦਰ ਸਿੰਘ ਬਾਵਾ, ਕੁਲਦੀਪ ਸਿੰਘ ਕੁੱਕੀ ਅਤੇ ਯੰਕੀ ਕਾਲੀਆ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ ਟੰਡਨ ਨੇ ਕਿਹਾ ਕਿ ਕਾਂਗਰਸ ਗਠਜੋੜ ਧਰਮ ਵਿੱਚ ਵਿਸ਼ਵਾਸ ਨਹੀਂ ਕਰਦੀ। ਉਹ ਆਪਣੇ ਸਾਥੀਆਂ ਨੂੰ ਰਾਜਨੀਤਿਕ ਤੌਰ ‘ਤੇ ਖਤਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਆਪਣੇ ਸਾਥੀਆਂ ਨਾਲ ਕਾਂਗਰਸ ਮਾੜਾ ਸਲੂਕ ਕਰਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਇਹ ਤਾਜ਼ਾ ਘਟਨਾ ਇਸ ਗੱਲ ਦਾ ਹੋਰ ਇਕ ਉਦਾਹਰਨ ਹੈ ਕਿ ਕਾਂਗਰਸ ਲੋਕਤਾਂਤਰਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਬਜਾਇ ਆਪਣੇ ਹੀ ਸਾਥੀ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ।