ਚੰਡੀਗੜ੍ਹ ਵਿਚ ਬਣਨ ਵਾਲੇ ਮਜ਼ਦੂਰ ਭਵਨ ਲਈ ਸਥਾਨ ਦੀ ਚੋਣ ਜਲਦ : ਸਤਿਆ ਪਾਲ ਜੈਨ
ਚੰਡੀਗੜ੍ਹ ਵਿੱਚ ਬਣਨ ਵਾਲੇ ਮਜ਼ਦੂਰ ਭਵਨ ਲਈ ਸਥਾਨ ਦਾ ਚੋਣ ਜਲਦ – ਸਤਿਆ ਪਾਲ ਜੈਨ
Publish Date: Sat, 21 Feb 2026 07:25 PM (IST)
Updated Date: Sat, 21 Feb 2026 07:27 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੀ ਸਮਾਜ ਭਲਾਈ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਐੱਮਪੀ ਸਤਿਆ ਪਾਲ ਜੈਨ ਦੀ ਅਗਵਾਈ ਹੇਠ ਕਮੇਟੀ ਦੀ ਇਕ ਉਪ-ਕਮੇਟੀ ਨੇ ਪ੍ਰਸਤਾਵਿਤ ਮਜ਼ਦੂਰ ਭਵਨ ਦੀ ਨਿਰਮਾਣ ਲਈ ਸਥਾਨ ਚੁਣਨ ਵਾਸਤੇ ਸੈਕਟਰ-44 ਦੀਆਂ ਦੋ ਥਾਵਾਂ ਦਾ ਦੌਰਾ ਕੀਤਾ। ਕਮੇਟੀ ਵਿਚ ਜੈਨ ਤੋਂ ਇਲਾਵਾ ਦੇਵੇਸ਼ ਮੋਦਗਿਲ, ਰਾਮ ਲਾਲ, ਮੁਕੇਸ਼ ਗੋਇਲ, ਲੇਬਰ ਚੌਂਕ ਨਾਲ ਸੰਬੰਧਤ ਮਜ਼ਦੂਰ ਆਗੂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਆਰਕੀਟੈਕਟ, ਲੇਬਰ ਪਲਾਨਿੰਗ ਅਤੇ ਸਮਾਜ ਭਲਾਈ ਵਿਭਾਗ ਦੇ ਕਈ ਅਧਿਕਾਰੀ ਸ਼ਾਮਲ ਸਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਜ਼ਦੂਰ ਭਵਨ ਲਈ ਸੈਕਟਰ 44-ਏ ਵਿਚ ਚਾਰ ਕਨਾਲ ਦਾ ਇੱਕ ਪਲਾਟ ਸੁਝਾਇਆ ਗਿਆ ਹੈ, ਜਿਸਦਾ ਕਮੇਟੀ ਨੇ ਮੁਆਇਨਾ ਕੀਤਾ। ਇਸ ਤੋਂ ਬਾਅਦ ਸੈਕਟਰ 44-ਸੀ ਵਿੱਚ ਸਥਿਤ ਲੇਬਰ ਚੌਂਕ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਮਜ਼ਦੂਰ ਭਵਨ ਲਈ ਵੱਧ ਜਗ੍ਹਾ ਉਪਲਬਧ ਹੈ। ਇਸ ਮਾਮਲੇ ਵਿੱਚ ਮਜ਼ਦੂਰ ਆਗੂਆਂ ਅਤੇ ਹੋਰ ਸਾਰੇ ਸੰਬੰਧਤ ਪੱਖਾਂ ਨਾਲ ਵਿਸਥਾਰ ਵਿੱਚ ਚਰਚਾ ਕੀਤੀ ਗਈ। ਜੈਨ ਨੇ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਸੁਝਾਇਆ ਗਿਆ ਸੈਕਟਰ 44-ਏ ਦਾ ਪਲਾਟ ਵੀ ਉਚਿਤ ਹੈ, ਪਰ ਸੈਕਟਰ 44-ਸੀ ਦਾ ਲੇਬਰ ਚੌਂਕ ਵਾਲਾ ਸਥਾਨ ਹੋਰ ਵੀ ਵਧੀਆ ਹੈ। ਕਮੇਟੀ ਜਲਦ ਹੀ ਆਪਣੀ ਰਿਪੋਰਟ ਪਹਿਲਾਂ ਸਮਾਜ ਭਲਾਈ ਕਮੇਟੀ ਨੂੰ ਅਤੇ ਫਿਰ ਚੰਡੀਗੜ੍ਹ ਪ੍ਰਸ਼ਾਸਕ ਨੂੰ ਸੌਂਪੇਗੀ, ਤਾਂ ਜੋ ਅੰਤਿਮ ਫੈਸਲਾ ਤੁਰੰਤ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਬਣਨ ਵਾਲਾ ਮਜ਼ਦੂਰ ਭਵਨ ਸ਼ਾਇਦ ਦੇਸ਼ ਦਾ ਪਹਿਲਾ ਅਜਿਹਾ ਭਵਨ ਹੋਵੇਗਾ ਜੋ ਪੂਰੀ ਤਰ੍ਹਾਂ ਮਜ਼ਦੂਰਾਂ ਨੂੰ ਸਮਰਪਿਤ ਹੋਵੇਗਾ। ਇੱਥੇ ਮਜ਼ਦੂਰਾਂ ਲਈ ਸਸਤੀ ਦਰਾਂ ‘ਤੇ ਨਾਸਤਾ, ਖਾਣਾ ਅਤੇ ਚਾਹ ਆਦਿ ਦੀ ਸੁਵਿਧਾ ਹੋਵੇਗੀ। ਇੱਕ ਛੋਟਾ ਹਾਲ, 200-300 ਮਜ਼ਦੂਰਾਂ ਲਈ ਬੈਠਕ ਦੀ ਵਿਵਸਥਾ ਅਤੇ ਸਾਈਕਲ-ਸਕੂਟਰ ਪਾਰਕਿੰਗ ਵੀ ਉਪਲਬਧ ਕਰਵਾਈ ਜਾਵੇਗੀ। ਜੈਨ ਨੇ ਕਿਹਾ ਕਿ ਸਮਾਜ ਭਲਾਈ ਕਮੇਟੀ ਪਿਛਲੇ ਤਿੰਨ ਸਾਲਾਂ ਤੋਂ ਸ਼ਹਿਰ ਵਿੱਚ ਮਜ਼ਦੂਰ ਭਵਨ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਸੁਪਨਾ ਜਲਦੀ ਹੀ ਸਾਕਾਰ ਹੋਣ ਵਾਲਾ ਹੈ।