ਨਵ ਨਿਯੁਕਤ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਕਾਰਜਭਾਰ, ਸਾਬਕਾ ਪ੍ਰਧਾਨ ਸਣੇ ਪੂਰੀ ਲੀਡਰਸ਼ਿਪ ਮੌਜੂਦ
ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਟੀਚਾ ਇੱਕ ਅਜਿਹੀ ਸਰਕਾਰ ਬਣਾਉਣਾ ਹੈ ਜੋ ਪੰਜਾਬ, ਪੰਜਾਬੀਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਦਾ ਪਾਰਟੀ ਵਿੱਚ ਵਿਸ਼ਵਾਸ ਵਧਾ ਰਹੀਆਂ ਹਨ।
Publish Date: Wed, 03 Jun 2026 11:30 AM (IST)
Updated Date: Wed, 03 Jun 2026 12:17 PM (IST)
ਜੈ ਸਿੰਘ ਛਿੱਬਰ,ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਮਾਨ ਅੱਜ ਤੋਂ ਕੇਵਲ ਸਿੰਘ ਢਿਲੋਂ ਨੇ ਸੰਭਾਲ ਲਈ ਹੈ। ਸੂਬੇ ਵਿੱਚ ਡਬਲ-ਇੰਜਣ ਸਰਕਾਰ ਬਣਾਉਣ ਦਾ ਦਾਅਵਾ ਕਰਦੇ ਹੋਏ ਭਾਜਪਾ ਆਗੂਆਂ ਨੇ ਸੰਕੇਤ ਦਿੱਤਾ ਕਿ ਪਾਰਟੀ ਇਸ ਵਾਰ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਤਰੁਣ ਚੁੱਘ ਸਣੇ ਪੂਰੀ ਲੀਡਰਸ਼ਿਪ ਮੌਜੂਦ ਸੀ । ਮਾਲਵਾ ਖਿੱਤੇ ਦੇ ਸਿਰਕੱਢ ਆਗੂ ਕੇਵਲ ਸਿੰਘ ਢਿੱਲੋਂ ਉਸ ਖੇਤਰ ਨਾਲ ਸਬੰਧ ਰੱਖਦੇ ਹਨ, ਜਿਸ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਮਜ਼ਬੂਤੀ ਨਾਲ ਚੋਣ ਲੜੇਗੀ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਟੀਚਾ ਇੱਕ ਅਜਿਹੀ ਸਰਕਾਰ ਬਣਾਉਣਾ ਹੈ ਜੋ ਪੰਜਾਬ, ਪੰਜਾਬੀਆਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਦਾ ਪਾਰਟੀ ਵਿੱਚ ਵਿਸ਼ਵਾਸ ਵਧਾ ਰਹੀਆਂ ਹਨ।
ਇਸ ਦੌਰਾਨ, ਕਾਂਗਰਸ ਦੇ ਸੰਸਦ ਮੈਂਬਰ ਅਤੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਵਲ ਸਿੰਘ ਢਿੱਲੋਂ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਢਿੱਲੋਂ ਨੇ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਅਤੇ ਹੁਣ ਭਾਜਪਾ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਵਿਚਾਰ ਕੀਤਾ ਜਾਵੇਗਾ। ਹਾਲਾਂਕਿ, ਭਾਜਪਾ ਲੀਡਰਸ਼ਿਪ ਤਬਦੀਲੀ 'ਤੇ ਟਿੱਪਣੀ ਕਰਦਿਆਂ ਰੰਧਾਵਾ ਨੇ ਕਿਹਾ ਕਿ ਜਿਸ ਆਗੂ ਨੇ ਪਹਿਲਾਂ ਹਿੰਦੂ ਹੋਣ ਦਾ ਮੁੱਦਾ ਉਠਾਇਆ ਸੀ ਕਿਉਂਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਸੀ, ਹੁਣ ਉਨ੍ਹਾਂ ਦੀ ਥਾਂ ਇੱਕ ਜੱਟ ਸਿੱਖ ਆਗੂ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ।