ਏਪੀਜੇ ਸਕੂਲ ’ਚ ਰਾਸ਼ਟਰੀ ਤਕਨਾਲੋਜੀ ਦਿਵਸ ਉਤਸ਼ਾਹ ਨਾਲ ਮਨਾਇਆ
ਏਪੀਜੇ ਸਕੂਲ ’ਚ ਰਾਸ਼ਟਰੀ ਤਕਨਾਲੋਜੀ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Mon, 11 May 2026 06:51 PM (IST)
Updated Date: Mon, 11 May 2026 06:54 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਏਪੀਜੇ ਪਬਲਿਕ ਸਕੂਲ ਵੱਲੋਂ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਕ ਅਤੇ ਜਾਣਕਾਰੀ ਭਰਪੂਰ ਸਰਗਰਮੀਆਂ ਕਰਵਾਈਆਂ ਗਈਆਂ। ਇਸ ਦਿਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨ ਅਤੇ ਤਕਨਾਲੋਜੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ‘ਆਪਣਾ ਮਨਪਸੰਦ ਗੈਜਟ ਬਣਾਓ ਅਤੇ ਰੰਗ ਭਰੋ ਸਰਗਰਮੀ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੇ ਮੋਬਾਈਲ, ਲੈਪਟਾਪ, ਰੋਬੋਟ ਅਤੇ ਹੋਰ ਆਧੁਨਿਕ ਯੰਤਰਾਂ ਦੇ ਸੁੰਦਰ ਚਿੱਤਰ ਬਣਾਏ। ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਸਾਡੀ ਦਿਨਚਰੀ ਵਿਚ ਤਕਨਾਲੋਜੀ’, ‘ਡਿਜੀਟਲ ਇੰਡੀਆ-ਦੇਸ਼ ਨੂੰ ਸਸ਼ਕਤ ਬਣਾਉਣਾ’ ਅਤੇ ‘ਸਿੱਖਿਆ ਵਿਚ ਤਕਨਾਲੋਜੀ ਦੀ ਭੂਮਿਕਾ’ ਵਿਸ਼ਿਆਂ ’ਤੇ ਪੋਸਟਰ ਮੇਕਿੰਗ ਸਰਗਰਮੀ ਵਿਚ ਹਿੱਸਾ ਲਿਆ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਸਟੈਚੂ ਆਫ਼ ਯੂਨਿਟੀ’ ’ਤੇ ਇਕ ਸ਼ਿਕਸ਼ਣਾਤਮਕ ਵੀਡੀਓ ਦੇਖੀ, ਜਿਸ ਵਿਚ ਆਧੁਨਿਕ ਇੰਜੀਨੀਅਰਿੰਗ ਅਤੇ ਉੱਚ ਤਕਨਾਲੋਜੀ ਦੇ ਇਸਤੇਮਾਲ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।