ਨਗਰ ਨਿਗਮ ਚੋਣਾਂ : ਮੁਹਾਲੀ ਜ਼ਿਲ੍ਹੇ ਵਿਚ 166 ਵਾਰਡਾਂ ਵਿਚ 695 ਉਮੀਦਵਾਰ ਮੈਦਾਨ 'ਚ,

- , ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਵੋਟਿੰਗ
- 498 ਪੋਲਿੰਗ ਬੂਥਾਂ ਲਈ ਪੋਲਿੰਗ ਸਟਾਫ਼ ਨੂੰ ਸਮੱਗਰੀ ਦੇ ਕੇ ਕੀਤਾ ਰਵਾਨਾ, ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਸੁਰੱਖਿਆ ਪ੍ਰਬੰਧ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਕੁੱਲ 166 ਵਾਰਡਾਂ ਵਿਚ 695 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜ਼ਿਲ੍ਹੇ ਦੇ 4 ਲੱਖ 80 ਹਜ਼ਾਰ 781 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿਚ ਕੁੱਲ 498 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਲਈ ਪੋਲਿੰਗ ਸਟਾਫ਼ ਨੂੰ ਚੋਣ ਸਮੱਗਰੀ ਦੇਣ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 2,48,415 ਪੁਰਸ਼ ਵੋਟਰ, 2,32,340 ਮਹਿਲਾ ਵੋਟਰ ਅਤੇ 26 ਹੋਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ 50 ਵਾਰਡਾਂ ਵਿਚ 227 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇੱਥੇ 90,505 ਪੁਰਸ਼, 84,844 ਮਹਿਲਾ ਅਤੇ 8 ਹੋਰ ਵੋਟਰ ਅਤੇ 184 ਪੋਲਿੰਗ ਬੂਥ ਬਣਾਏ ਗਏ ਹਨ।
ਜ਼ੀਰਕਪੁਰ ਵਿਚ 31 ਵਾਰਡਾਂ ਲਈ 124 ਉਮੀਦਵਾਰ ਚੋਣ ਲੜ ਰਹੇ ਹਨ। ਇੱਥੇ 70,226 ਪੁਰਸ਼, 66,191 ਮਹਿਲਾ ਅਤੇ 8 ਹੋਰ ਵੋਟਰ 128 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਡੇਰਾਬੱਸੀ ਵਿਚ 18 ਵਾਰਡਾਂ ਤੋਂ 79 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਦਕਿ ਇਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਦੇ ਚੁਣਿਆ ਜਾ ਚੁੱਕਾ ਹੈ। ਇੱਥੇ 26,888 ਪੁਰਸ਼, 24,564 ਮਹਿਲਾ ਅਤੇ 5 ਹੋਰ ਵੋਟਰ 51 ਪੋਲਿੰਗ ਬੂਥਾਂ ’ਤੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਨਿਆਗਾਓਂ ਦੇ 21 ਵਾਰਡਾਂ ਵਿਚ 87 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇੱਥੇ 23,717 ਪੁਰਸ਼, 21,266 ਮਹਿਲਾ ਅਤੇ ਇਕ ਹੋਰ ਵੋਟਰ 51 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਲਾਲੜੂ ਦੇ 16 ਵਾਰਡਾਂ ਵਿਚ 61 ਉਮੀਦਵਾਰ ਚੋਣ ਲੜ ਰਹੇ ਹਨ, ਜਦਕਿ ਇਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣਿਆ ਜਾ ਚੁੱਕਾ ਹੈ। ਇੱਥੇ 16,031 ਪੁਰਸ਼, 14,360 ਮਹਿਲਾ ਅਤੇ 3 ਹੋਰ ਵੋਟਰ 33 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ। ਕੁਰਾਲੀ ਦੇ 17 ਵਾਰਡਾਂ ਵਿਚ 77 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇੱਥੇ 13,332 ਪੁਰਸ਼ ਅਤੇ 14,070 ਮਹਿਲਾ ਵੋਟਰ 33 ਪੋਲਿੰਗ ਬੂਥਾਂ ’ਤੇ ਆਪਣੇ ਮਤਾ ਅਧਿਕਾਰ ਦੀ ਵਰਤੋਂ ਕਰਨਗੇ। ਬਨੂੜ ਦੇ 13 ਵਾਰਡਾਂ ਵਿਚ 40 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇੱਥੇ 7,716 ਪੁਰਸ਼, 7,045 ਮਹਿਲਾ ਅਤੇ ਇਕ ਹੋਰ ਵੋਟਰ 18 ਪੋਲਿੰਗ ਬੂਥਾਂ ’ਤੇ ਵੋਟ ਪਾਉਣਗੇ।
ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੋਨਮ ਚੌਧਰੀ ਨਾਲ ਸਕੂਲ ਆਫ਼ ਐਮੀਨੈਂਸ, ਫੇਜ਼-3ਬੀ1 ਵਿਖੇ ਬਣਾਏ ਡਿਸਪੈਚ ਸੈਂਟਰ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਪੋਲਿੰਗ ਬੂਥਾਂ ’ਤੇ ਸੀਸੀਟੀਵੀ ਨਿਗਰਾਨੀ ਦੇ ਪ੍ਰਬੰਧ ਕੀਤੇ ਗਏ ਹਨ। ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਕੁੱਲ 498 ਪੋਲਿੰਗ ਬੂਥਾਂ ਵਿਚੋਂ 66 ਪੋਲਿੰਗ ਸਥਾਨਾਂ ਨੂੰ ਸੰਵੇਦਨਸ਼ੀਲ ਅਤੇ 181 ਨੂੰ ਅਤਿ-ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ, ਜਿੱਥੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਨ੍ਹਾਂ 'ਤੇ ਖ਼ਾਸ ਨਜ਼ਰ ਰੱਖੀ ਜਾਵੇਗੀ ਅਤੇ ਮਤਦਾਨ ਸਮੇਂ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਵੋਟਰਾਂ, ਖ਼ਾਸ ਕਰ ਕੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਵੱਧ ਰਹੀ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਉਹ ਸਵੇਰੇ ਜਲਦੀ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਪਹੁੰਚਣ। ਉਨ੍ਹਾਂ ਦੱਸਿਆ ਕਿ ਸਾਰੇ ਪੋਲਿੰਗ ਬੂਥਾਂ ’ਤੇ ਛਾਂ ਅਤੇ ਪੀਣ ਵਾਲੇ ਪਾਣੀ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਡੀਸੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ, ਸ਼ਾਂਤਮਈ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਬਿਨਾਂ ਰੁਕਾਵਟ ਮੁਕੰਮਲ ਕੀਤਾ ਜਾਵੇ।