ਮੁਬਾਰਕਪੁਰ ਟ੍ਰੈਫਿਕ ਪੁਲਿਸ ਦੀ ਵੱਡੀ ਕਾਰਵਾਈ: ਓਵਰਲੋਡ ਟਿੱਪਰ ਸਣੇ 16 ਵਾਹਨਾਂ ਦੇ ਚਾਲਾਨ
ਓਵਰਲੋਡ ਟਿੱਪਰ ਸਣੇ 16 ਵਾਹਨਾਂ ਦੇ ਚਲਾਨ
Publish Date: Wed, 05 Nov 2025 07:39 PM (IST)
Updated Date: Wed, 05 Nov 2025 07:40 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਟ੍ਰੈਫਿਕ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਓਵਰਲੋਡ ਟਿੱਪਰ ਸਮੇਤ 16 ਵਾਹਨਾਂ ਦੇ ਚਾਲਾਨ ਕੱਟੇ ਹਨ। ਇਹ ਕਾਰਵਾਈ ਉਨ੍ਹਾਂ ਵਾਹਨਾਂ ਤੇ ਕੀਤੀ ਗਈ ਹੈ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੈਫਿਕ ਇੰਚਾਰਜ਼ ਮੁਬਾਰਕਪੁਰ ਹਰਕੇਸ਼ ਨੇ ਦੱਸਿਆ ਕਿ ਪੁਲਿਸ ਨੂੰ ਲਗਾਤਾਰ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੁਬਾਰਕਪੁਰ ਰੇਲਵੇ ਅੰਡਰਪਾਥ ਵਿੱਚੋਂ ਓਵਰਲੋਡ ਟਿੱਪਰਾਂ ਦੀ ਆਵਾਜਾਈ ਚੱਲ ਰਹੀ ਹੈ, ਜਿਸ ਕਾਰਨ ਨਾ ਸਿਰਫ਼ ਸੜਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ। ਟ੍ਰੈਫਿਕ ਪੁਲਿਸ ਇੰਚਾਰਜ ਏਐੱਸਆਈ ਹਰਕੇਸ਼ ਸਿੰਘ ਨੇ ਇਸ ਸੂਚਨਾ ਤੇ ਤੁਰੰਤ ਐਕਸ਼ਨ ਲਿਆ ਅਤੇ ਅੰਡਰਪਾਥ ਦੇ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ। ਇਸ ਚੈਕਿੰਗ ਦੌਰਾਨ, ਪੁਲਿਸ ਨੇ ਇੱਕ ਓਵਰਲੋਡ ਟਿੱਪਰ ਨੂੰ ਰੋਕਿਆ, ਜਿਸ ਉੱਤੇ ਸਮਰੱਥਾ ਤੋਂ ਵੱਧ ਮਾਲ ਲੱਦਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਓਵਰਲੋਡਿੰਗ ਸਮੇਤ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਤੇ ਇਨ੍ਹਾਂ 16 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਓਵਰਲੋਡ ਵਾਹਨ ਸੜਕ ਹਾਦਸਿਆਂ ਦਾ ਮੁੱਖ ਕਾਰਨ ਬਣਦੇ ਹਨ, ਇਸ ਲਈ ਇਨ੍ਹਾਂ ਦੀ ਆਵਾਜਾਈ ਤੇ ਰੋਕ ਲਗਾਉਣੀ ਜ਼ਰੂਰੀ ਹੈ।