ਐੱਮਪੀ ਸੰਧੂ ਅਤੇ ਸੀਨੀਅਰ ਆਗੂ ਸੈਣੀ ਵੱਲੋਂ ਮੰਡੀਆਂ ਦਾ ਦੌਰਾ
ਐੱਮਪੀ ਸੰਧੂ ਅਤੇ ਸੀਨੀਅਰ ਆਗੂ ਸੈਣੀ ਵੱਲੋਂ ਮੰਡੀਆਂ ਦਾ ਦੌਰਾ,
Publish Date: Mon, 20 Apr 2026 05:45 PM (IST)
Updated Date: Mon, 20 Apr 2026 05:48 PM (IST)

- ਕੇਂਦਰ ਦੀਆਂ ਰਿਆਇਤਾਂ ਨਾਲ ਕਣਕ ਦੀ ਖ਼ਰੀਦ ’ਚ ਆਈ ਤੇਜ਼ੀ : ਸੰਧੂ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਸਾਂਝੇ ਤੌਰ ’ਤੇ ਡੇਰਾਬੱਸੀ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਦੋਵਾਂ ਆਗੂਆਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਕਾਰਨ ਪੰਜਾਬ ਦੇ ਕਿਸਾਨਾਂ ਸਿਰ ਪੈਦਾ ਹੋਏ ਵੱਡੇ ਸੰਕਟ ਨੂੰ ਦੇਖਦਿਆਂ, ਜਦੋਂ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰੰਤ ਕਾਰਵਾਈ ਕਰਦਿਆਂ ਕਣਕ ਦੀ ਖ਼ਰੀਦ ਲਈ ਲੋੜੀਂਦੀਆਂ ਰਿਆਇਤਾਂ ਜਾਰੀ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਖ਼ਰੀਦ ਨੂੰ ਸੁਚਾਰੂ ਬਣਾਉਣ ਲਈ ਪੰਜਾਬ ਨੂੰ 35,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ, ਜਿਸ ਸਦਕਾ ਹੁਣ ਤੱਕ ਸੂਬੇ ਵਿਚ 39 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਜਦੋਂ ਕਿ ਇਕ ਲੱਖ 22 ਹਜ਼ਾਰ ਤੋਂ ਲੈ ਕੇ ਇਕ ਲੱਖ 25 ਹਜ਼ਾਰ ਮੀਟਰਿਕ ਟਨ ਕਣਕ ਖ਼ਰੀਦਦਣ ਦਾ ਸਰਕਾਰ ਦਾ ਟੀਚਾ ਹੈ। ਇਸ ਮੌਕੇ ਮੌਜੂਦ ਸਥਾਨਕ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕਿਸਾਨੀ ਮੁੱਦਿਆਂ ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਇਲਾਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਲੇਬਰ ਦੀ ਕਮੀ ਅਤੇ ਕਿਤੇ-ਕਿਤੇ ਬਾਰਦਾਨੇ ਦੀ ਆ ਰਹੀ ਦਿੱਕਤ ਨੂੰ ਪ੍ਰਸ਼ਾਸਨ ਅਤੇ ਆੜ੍ਹਤੀਆਂ ਨਾਲ ਮਿਲ ਕੇ ਤੁਰੰਤ ਹੱਲ ਕਰਵਾਇਆ ਜਾ ਰਿਹਾ ਹੈ। ਸੈਣੀ ਨੇ ਸਪੱਸ਼ਟ ਕੀਤਾ ਕਿ ਭਾਜਪਾ ਦੀ ਪਹਿਲਕਦਮੀ ਸਦਕਾ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ ਅਤੇ ਅਗਲੇ ਇਕ ਹਫ਼ਤੇ ਵਿਚ ਖ਼ਰੀਦ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਭਾਜਪਾ ਆਗੂ ਮਿੰਟਾ ਸੈਣੀ, ਗੁਲਜਾਰ ਸਿੰਘ ਟਿਵਾਣਾ, ਮੇਜਰ ਸਿੰਘ ਪਰਾਗਪੁਰ, ਗੁਰਜੰਟ ਸਿੰਘ, ਢੇਰੂ ਲੰਬੜਦਾਰ, ਗੁਰਮੀਤ ਟਿਵਾਣਾ ਅਤੇ ਰਿੰਕੂ ਜਨਤਪੁਰ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਆਗੂ ਅਤੇ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਰਿਆਇਤਾਂ ਲਈ ਧੰਨਵਾਦ ਪ੍ਰਗਟਾਇਆ।