ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਬੈਠਕ
ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਬੈਠਕ ਹੋਈ
Publish Date: Tue, 05 May 2026 06:03 PM (IST)
Updated Date: Wed, 06 May 2026 04:09 AM (IST)

ਮਹਿਰਾ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਬੈਠਕ ਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਮਿਹਰ ਸਿੰਘ ਥੇੜੀ ਚੋਣ ਅਬਜ਼ਰਵਰ ਦੀ ਦੇਖਰੇਖ ਹੇਠ ਬਲਾਕ ਖਰੜ ਦੀ ਟੀਮ ਦੀ ਚੋਣ ਕੀਤੀ ਗਈ। ਜਿਸ ਵਿਚ ਹਰਚੰਦ ਸਿੰਘ ਗੜਾਂਗਾ ਨੂੰ ਪ੍ਰਧਾਨ, ਜਨਰਲ ਸਕੱਤਰ ਅਵਤਾਰ ਸਿੰਘ ਜੰਡਪੁਰ, ਸੁਖਵਿੰਦਰ ਸਿੰਘ ਘੜੂਆਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਿਚਾਰ ਕੀਤੀ ਕਿ ਪਿਛਲੇ ਦਿਨੀਂ ਹਨੇਰੀ ਝੱਖੜ ਨੇ ਬਿਜਲੀ ਦੇ ਬਹੁਤ ਸਾਰੇ ਖੰਭੇ ਤੋੜ ਦਿੱਤੇ ਸਨ, ਜਿਸ ਕਾਰਨ ਬਹੁਤੇ ਪਿੰਡਾਂ ਵਿਚ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਮੋਟਰਾਂ ਬੰਦ ਸਨ ਅਤੇ ਜਦੋਂ ਵੀ ਸਬੰਧਤ ਬਿਜਲੀ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਕਿ ਉਹ ਜਲਦ ਤੋਂ ਜਲਦ ਇਨ੍ਹਾਂ ਖੰਭਿਆਂ ਦੀ ਮੁਰੰਮਤ ਕਰਨ ਅਤੇ ਬਿਜਲੀ ਦੀ ਸਪਲਾਈ ਜਾਰੀ ਕਰਨ ਪਰ ਬਿਜਲੀ ਮਹਿਕਮੇ ਵੱਲੋਂ ਹਮੇਸ਼ਾ ਹੀ ਕਾਮੇ ਘੱਟ ਹੋਣ ਅਤੇ ਸਾਮਾਨ ਨਾ ਹੋਣ ਬਾਰੇ ਆਖਿਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਬਿਜਲੀ ਨਾ ਹੋਣ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਆਉਂਦੀ ਹੋਈ ਸਮੱਸਿਆ ਨੂੰ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਝੋਨੇ ਦੀ ਫ਼ਸਲ ਦੀ ਬਿਜਾਈ ਸਮੇਂ ਬਿਜਲੀ ਨਿਰੰਤਰ ਕਰਨ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਚੋਲਟਾ ਰੰਗੀਆਂ, ਬਝਹੇੜੀ ਦੇ ਰਸਤੇ ’ਤੇ ਸਰਵਿਸ ਰੋਡ ਬਣਾਏ ਜਾਣ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਸਮੂਹ ਕਿਸਾਨ ਯੂਨੀਅਨ ਦੇ ਮੈਂਬਰ ਮੌਜੂਦ ਸਨ।