ਮੁਹਾਲੀ ਪੁਲਿਸ ਦੀ ਵੱਡੀ ਲਾਪਰਵਾਹੀ: ਸੜਕਾਂ 'ਤੇ ਰੁਲਦੇ ਬੈਰੀਕੇਡ ਤੇ ਖ਼ਸਤਾਹਾਲ ਬੰਕਰ ਦੇ ਰਹੇ ਨੇ ਭਿਆਨਕ ਹਾਦਸਿਆਂ ਨੂੰ ਸੱਦਾ
ਮੁਹਾਲੀ ਦੇ ਉਦਯੋਗਿਕ ਖੇਤਰ ਵਿਚ ਪੁਲਿਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜੋ ਕਿਸੇ ਵੇਲੇ ਵੀ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਇਕ ਪਾਸੇ ਜਿੱਥੇ ਸੜਕਾਂ 'ਤੇ ਲਾਵਾਰਿਸ ਪਏ ਪੁਲਿਸ ਬੈਰੀਕੇਡ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੁਰੱਖਿਆ ਲਈ ਬਣਾਏ ਗਏ ਪੁਲਿਸ ਬੰਕਰ ਵੀ ਹੁਣ ਲਵਾਰਿਸ ਹਾਲਤ ਵਿਚ ਗੰਦਗੀ ਦੇ ਢੇਰ ਵਿਚ ਤਬਦੀਲ ਹੁੰਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਸਥਾਨਕ ਪੁਲਿਸ ਚੌਕੀ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਹੋ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ।
Publish Date: Sun, 31 May 2026 12:06 PM (IST)
Updated Date: Sun, 31 May 2026 12:11 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਉਦਯੋਗਿਕ ਖੇਤਰ ਵਿਚ ਪੁਲਿਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜੋ ਕਿਸੇ ਵੇਲੇ ਵੀ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਇਕ ਪਾਸੇ ਜਿੱਥੇ ਸੜਕਾਂ 'ਤੇ ਲਾਵਾਰਿਸ ਪਏ ਪੁਲਿਸ ਬੈਰੀਕੇਡ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੁਰੱਖਿਆ ਲਈ ਬਣਾਏ ਗਏ ਪੁਲਿਸ ਬੰਕਰ ਵੀ ਹੁਣ ਲਵਾਰਿਸ ਹਾਲਤ ਵਿਚ ਗੰਦਗੀ ਦੇ ਢੇਰ ਵਿਚ ਤਬਦੀਲ ਹੁੰਦੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਸਥਾਨਕ ਪੁਲਿਸ ਚੌਕੀ ਤੋਂ ਮਹਿਜ਼ ਕੁਝ ਹੀ ਦੂਰੀ 'ਤੇ ਹੋ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ।
ਸੜਕਾਂ ਦੇ ਕਿਨਾਰੇ ਰੁਲ ਰਹੇ ਬੈਰੀਕੇਡ, ਰਾਹਗੀਰਾਂ ਲਈ ਬਣੇ ‘ਮੌਤ ਦਾ ਜਾਲ’
ਉਦਯੋਗਿਕ ਖੇਤਰ ਦੀ ਮੁੱਖ ਸੜਕ ’ਤੇ ਪੁਲਿਸ ਵੱਲੋਂ ਲਗਾਏ ਗਏ ਲੋਹੇ ਦੇ ਭਾਰੀ ਬੈਰੀਕੇਡ ਸੜਕ ਦੇ ਕਿਨਾਰੇ ਬੁਰੀ ਤਰ੍ਹਾਂ ਡਿੱਗੇ ਹੋਏ ਹਨ। ਮੀਂਹ ਦੇ ਪਾਣੀ ਅਤੇ ਸੜਕ ਕਿਨਾਰੇ ਜਮਾਂ ਜਲ-ਥਲ ਦੇ ਵਿਚਕਾਰ ਪਏ ਇਹ ਬੈਰੀਕੇਡ ਦੂਰੋਂ ਨਜ਼ਰ ਨਹੀਂ ਆਉਂਦੇ।
ਇਸ ਵਿਅਸਤ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੁਪਹੀਆ ਵਾਹਨ ਚਾਲਕ ਅਤੇ ਕਾਰਾਂ ਗੁਜ਼ਰਦੀਆਂ ਹਨ। ਰਾਤ ਦੇ ਸਮੇਂ ਜਾਂ ਤੇਜ਼ ਰਫ਼ਤਾਰ ਦੌਰਾਨ ਇਹ ਡਿੱਗੇ ਹੋਏ ਬੈਰੀਕੇਡ ਕਿਸੇ ਵੀ ਵਾਹਨ ਚਾਲਕ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ।
ਪੁਲਿਸ ਚੌਕੀ ਦੇ ਬਿਲਕੁਲ ਨਜ਼ਦੀਕ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਦਯੋਗਿਕ ਖੇਤਰ ਦੀ ਪੁਲਿਸ ਚੌਕੀ ਇੱਥੋਂ ਬਹੁਤ ਹੀ ਥੋੜ੍ਹੀ ਦੂਰੀ ’ਤੇ ਸਥਿਤ ਹੈ। ਪੁਲਿਸ ਮੁਲਾਜ਼ਮ ਰੋਜ਼ਾਨਾ ਇਸੇ ਸੜਕ ਤੋਂ ਲੰਘਦੇ ਹਨ ਪਰ ਕਿਸੇ ਨੇ ਵੀ ਇਨ੍ਹਾਂ ਡਿੱਗੇ ਹੋਏ ਬੈਰੀਕੇਡਾਂ ਨੂੰ ਸੜਕ ਤੋਂ ਹਟਾਉਣ ਜਾਂ ਸਿੱਧਾ ਕਰਨ ਦੀ ਜ਼ਹਿਮਤ ਨਹੀਂ ਉਠਾਈ।
ਸੁਰੱਖਿਆ ਬੰਕਰ ਬਣੇ ਗੰਦਗੀ ਦਾ ਅੱਡਾ, ਫੁੱਟਪਾਥਾਂ 'ਤੇ ਕਬਜ਼ਾ
ਕਿਸੇ ਸਮੇਂ ਸੁਰੱਖਿਆ ਦੇ ਲਿਹਾਜ਼ ਨਾਲ ਸੜਕਾਂ ਅਤੇ ਫੁੱਟਪਾਥਾਂ ਕਿਨਾਰੇ ਰੇਤ ਦੀਆਂ ਬੋਰੀਆਂ ਲਗਾ ਕੇ ਬਣਾਏ ਗਏ ਪੁਲਿਸ ਬੰਕਰ ਹੁਣ ਪੂਰੀ ਤਰ੍ਹਾਂ ਲਵਾਰਿਸ ਅਤੇ ਖ਼ਸਤਾਹਾਲ ਹੋ ਚੁੱਕੇ ਹਨ।
ਰੱਖ-ਰਖਾਅ ਦੀ ਘਾਟ ਕਾਰਨ ਰੇਤ ਦੀਆਂ ਬੋਰੀਆਂ ਫਟ ਚੁੱਕੀਆਂ ਹਨ ਅਤੇ ਮਿੱਟੀ ਖਿਲਰ ਰਹੀ ਹੈ, ਜਿਸ ਕਾਰਨ ਵਾਹਨਾਂ ਦੇ ਫਿਸਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਇਨ੍ਹਾਂ ਬੰਕਰਾਂ ਦੇ ਆਸ-ਪਾਸ ਲੋਕਾਂ ਵੱਲੋਂ ਕੂੜਾ-ਕਰਕਟ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਹ ਹੁਣ ਸੁਰੱਖਿਆ ਪੋਸਟਾਂ ਘੱਟ ਅਤੇ ਗੰਦਗੀ ਦੇ ਢੇਰ ਜ਼ਿਆਦਾ ਨਜ਼ਰ ਆ ਰਹੇ ਹਨ।
ਫੁੱਟਪਾਥਾਂ 'ਤੇ ਬਣੇ ਇਹ ਖ਼ਸਤਾਹਾਲ ਬੰਕਰ ਪੈਦਲ ਚੱਲਣ ਵਾਲੇ ਲੋਕਾਂ ਦਾ ਰਾਹ ਰੋਕ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਮਜਬੂਰਨ ਜਾਨ ਜੋਖ਼ਮ ਵਿਚ ਪਾ ਕੇ ਮੁੱਖ ਸੜਕ 'ਤੇ ਚੱਲਣਾ ਪੈਂਦਾ ਹੈ।
ਸਥਾਨਕ ਲੋਕਾਂ ਦੀ ਮੰਗ: ਤੁਰੰਤ ਲਿਆ ਜਾਵੇ ਐਕਸ਼ਨ
ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੁਹਾਲੀ ਪੁਲਿਸ ਵੱਲੋਂ ਵਰਤੇ ਜਾਂਦੇ ਇਸ ਸਾਮਾਨ ਦੀ ਇਸ ਤਰ੍ਹਾਂ ਦੁਰਦਸ਼ਾ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕਾਂ 'ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਬੈਰੀਕੇਡਾਂ ਨੂੰ ਤੁਰੰਤ ਉੱਥੋਂ ਹਟਾਇਆ ਜਾਵੇ। ਵਰਤੋਂ ਵਿਚ ਨਾ ਆਉਣ ਵਾਲੀ ਇਨ੍ਹਾਂ ਖ਼ਸਤਾਹਾਲ ਬੰਕਰਾਂ ਦੀਆਂ ਬੋਰੀਆਂ ਨੂੰ ਹਟਾ ਕੇ ਫੁੱਟਪਾਥਾਂ ਨੂੰ ਸਾਫ਼-ਸੁਥਰਾ ਅਤੇ ਪੈਦਲ ਚੱਲਣ ਯੋਗ ਬਣਾਇਆ ਜਾਵੇ।
ਜੇਕਰ ਸਮਾਂ ਰਹਿੰਦੇ ਇਸ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਇੱਥੇ ਕੋਈ ਵੀ ਵੱਡਾ ਸੜਕ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।