ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ: ਮਹਿਜ਼ 800 ਰੁਪਏ ਦੇ ਲੈਣ-ਦੇਣ ਪਿੱਛੇ ਕੀਤਾ ਸੀ ਬੇਰਹਿਮੀ ਨਾਲ ਕਤਲ, ਦੋ ਮੁਲਜ਼ਮ ਗ੍ਰਿਫਤਾਰ
ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਮਹਿਜ਼ 800 ਰੁਪਏ ਦੇ ਮਾਮੂਲੀ ਲੈਣ-ਦੇਣ ਪਿੱਛੇ ਇਕ ਨੌਜਵਾਨ ਦੇ ਅੰਨ੍ਹੇ ਕਤਲ ਕੇਸ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਥਾਣਾ ਬਲੌਂਗੀ ਦੇ ਮੁੱਖ ਅਫ਼ਸਰ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਵਿਚ ਅਮਲ ’ਚ ਲਿਆਂਦੀ ਗਈ।
Publish Date: Sat, 23 May 2026 01:24 PM (IST)
Updated Date: Sat, 23 May 2026 01:28 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਮਹਿਜ਼ 800 ਰੁਪਏ ਦੇ ਮਾਮੂਲੀ ਲੈਣ-ਦੇਣ ਪਿੱਛੇ ਇਕ ਨੌਜਵਾਨ ਦੇ ਅੰਨ੍ਹੇ ਕਤਲ ਕੇਸ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਥਾਣਾ ਬਲੌਂਗੀ ਦੇ ਮੁੱਖ ਅਫ਼ਸਰ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਦੀ ਅਗਵਾਈ ਵਿਚ ਅਮਲ ’ਚ ਲਿਆਂਦੀ ਗਈ।
ਪੁਲਿਸ ਮੁਤਾਬਕ ਪਿਛਲੇ ਦਿਨੀਂ ਸ਼ਿਕਾਇਤਕਰਤਾ ਰਵੀ ਪੁੱਤਰ ਸਵ. ਮਦਨ ਲਾਲ ਵਾਸੀ ਬਲੌਂਗੀ ਨੇ ਦੱਸਿਆ ਕਿ ਉਹ ਆਪਣੇ ਭਰਾ ਅਭੀ ਅਤੇ ਮਾਤਾ ਨੂੰ ਮਿਲਣ ਆਇਆ ਸੀ। ਉਸ ਦਾ ਭਰਾ ਅਭੀ ਗਲੀ ਵਿਚ ਅਨਿਲ, ਉਸਦੇ ਛੋਟੇ ਭਰਾ ਛੋਟੂ ਅਤੇ ਇਕ ਹੋਰ ਸਭ ਤੋਂ ਛੋਟੇ ਭਰਾ ਨਾਲ ਗੱਲਬਾਤ ਕਰ ਰਿਹਾ ਸੀ।
ਕੁਝ ਹੀ ਦੇਰ ਵਿਚ ਉੱਥੇ ਰੌਲਾ ਪੈ ਗਿਆ। ਜਦੋਂ ਰਵੀ ਨੇ ਬਾਹਰ ਜਾ ਕੇ ਦੇਖਿਆ ਤਾਂ ਅਨਿਲ ਅਤੇ ਉਸਦੇ ਭਰਾ ਅਭੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ। ਇਸੇ ਦੌਰਾਨ ਅਨਿਲ ਦੇ ਸਭ ਤੋਂ ਛੋਟੇ ਭਰਾ ਨੇ ਚਾਕੂ ਨਾਲ ਅਭੀ 'ਤੇ ਵਾਰ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਜ਼ਖਮੀ ਅਭੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਦੀ ਵਜ੍ਹਾ ਇਹ ਸਾਹਮਣੇ ਆਈ ਹੈ ਕਿ ਮ੍ਰਿਤਕ ਅਭੀ ਨੇ ਮੁਲਜ਼ਮ ਅਨਿਲ ਪਾਸੋਂ 800 ਰੁਪਏ ਲੈਣੇ ਸਨ, ਜਿਸ ਨੂੰ ਲੈ ਕੇ ਇਹ ਖੂਨੀ ਝੜਪ ਹੋਈ। ਪੁਲਿਸ ਨੇ ਇਸ ਸਬੰਧੀ ਥਾਣਾ ਬਲੌਂਗੀ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
ਬਲੌੰਗੀ ਪੁਲਿਸ ਟੀਮ ਨੇ ਸੀ.ਸੀ.ਟੀ.ਵੀ. ਫੁਟੇਜ, ਖ਼ੁਫ਼ੀਆ ਜਾਣਕਾਰੀ ਦੀ ਮਦਦ ਨਾਲ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਮੁਤਾਬਕ ਰਿਮਾਂਡ ਦੌਰਾਨ ਕੀਤੀ ਜਾ ਰਹੀ ਪੁੱਛਗਿੱਛ ਦੇ ਆਧਾਰ ’ਤੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਨਿਲ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।