Mohali News : ਸੇਵਾਮੁਕਤ ਪੁਲਿਸ ਇੰਸਪੈਕਟਰ ਨਾਲ 52 ਲੱਖ ਦੀ ਠੱਗੀ, ਪਤੀ-ਪਤਨੀ ਨਾਮਜ਼ਦ
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸਮਝੌਤੇ ਤਹਿਤ ਮੋਹਨ ਲਾਲ ਅਤੇ ਉਨ੍ਹਾਂ ਦੇ ਪਾਰਟਨਰ ਅਮਿਤ ਨਰਵਾਲ ਨੇ ਬਿਆਨੇ ਵਜੋਂ ਕੁੱਲ 60 ਲੱਖ ਰੁਪਏ ਅਰੁਣ ਕੁਮਾਰ ਅਤੇ ਰੇਣੂ ਦੇਵੀ ਨੂੰ ਦੇ ਦਿੱਤੇ। ਇਸ ਵਿਚ ਨਕਦ ਅਤੇ ਬੈਂਕ ਰਾਹੀਂ ਕੀਤੀਆਂ ਟਰਾਂਜੈਕਸ਼ਨਾਂ ਸ਼ਾਮਲ ਸਨ ਪਰ ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਦੀ ਨੀਅਤ ਬਦਲ ਗਈ।
Publish Date: Sat, 04 Apr 2026 08:23 PM (IST)
Updated Date: Sat, 04 Apr 2026 08:25 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਪ੍ਰਾਪਰਟੀ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਇਕ ਜੋੜੇ (ਪਤੀ-ਪਤਨੀ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੇ ਚੰਡੀਗੜ੍ਹ ਪੁਲਿਸ ਦੇ ਇੱਕ ਸੇਵਾਮੁਕਤ ਇੰਸਪੈਕਟਰ ਤੇ ਉਸ ਦੇ ਸਾਥੀ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਕਰੀਬ 52 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਇਹ ਕਾਰਵਾਈ ਲੰਬੀ ਜਾਂਚ ਤੋਂ ਬਾਅਦ ਅਮਲ ਵਿਚ ਲਿਆਂਦੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਮੋਹਨ ਲਾਲ, ਜੋ ਚੰਡੀਗੜ੍ਹ ਪੁਲਿਸ ਤੋਂ ਸੇਵਾਮੁਕਤ ਇੰਸਪੈਕਟਰ ਹਨ, ਨੇ ਦੱਸਿਆ ਕਿ ਉਹ ਸੇਵਾਮੁਕਤ ਹੋਣ ਤੋਂ ਬਾਅਦ ਰਹਿਣ ਅਤੇ ਕਾਰੋਬਾਰ ਲਈ ਜਗ੍ਹਾ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਇਕ ਡੀਲਰ ਰਾਹੀਂ ਉਨ੍ਹਾਂ ਦੀ ਮੁਲਾਕਾਤ ਅਰੁਣ ਕੁਮਾਰ ਅਤੇ ਉਸ ਦੀ ਪਤਨੀ ਰੇਣੂ ਦੇਵੀ ਨਾਲ ਹੋਈ। ਮੁਲਜ਼ਮਾਂ ਨੇ ਬਲਟਾਣਾ ਸਥਿਤ ਆਪਣਾ ਇਕ ਐੱਸਸੀਐੱਫ ਵੇਚਣ ਦੀ ਗੱਲ ਕਹੀ। ਦੋਵਾਂ ਧਿਰਾਂ ਵਿਚਕਾਰ 20 ਦਸੰਬਰ 2023 ਨੂੰ ਇਹ ਸੌਦਾ ਕਰੀਬ 1.15 ਕਰੋੜ ਰੁਪਏ ਵਿਚ ਤੈਅ ਹੋ ਗਿਆ।
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸਮਝੌਤੇ ਤਹਿਤ ਮੋਹਨ ਲਾਲ ਅਤੇ ਉਨ੍ਹਾਂ ਦੇ ਪਾਰਟਨਰ ਅਮਿਤ ਨਰਵਾਲ ਨੇ ਬਿਆਨੇ ਵਜੋਂ ਕੁੱਲ 60 ਲੱਖ ਰੁਪਏ ਅਰੁਣ ਕੁਮਾਰ ਅਤੇ ਰੇਣੂ ਦੇਵੀ ਨੂੰ ਦੇ ਦਿੱਤੇ। ਇਸ ਵਿਚ ਨਕਦ ਅਤੇ ਬੈਂਕ ਰਾਹੀਂ ਕੀਤੀਆਂ ਟਰਾਂਜੈਕਸ਼ਨਾਂ ਸ਼ਾਮਲ ਸਨ ਪਰ ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਦੀ ਨੀਅਤ ਬਦਲ ਗਈ। ਉਨ੍ਹਾਂ ਨੇ ਪਹਿਲਾਂ ਰਜਿਸਟਰੀ ਦੀ ਤਰੀਕ ਅੱਗੇ ਵਧਾਈ ਅਤੇ ਬਾਅਦ ਵਿਚ ਸ਼ਿਕਾਇਤਕਰਤਾ ਨੂੰ ਭਿਣਕ ਲੱਗੇ ਬਿਨਾਂ ਉਹੀ ਪ੍ਰਾਪਰਟੀ ਕਿਸੇ ਤੀਜੇ ਵਿਅਕਤੀ ਦੇ ਨਾਂ ਰਜਿਸਟਰਡ ਕਰਵਾ ਦਿੱਤੀ।
ਜਦੋਂ ਪੀੜਤਾਂ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਪੈਸੇ ਵਾਪਸ ਮੰਗੇ। ਮੁਲਜ਼ਮਾਂ ਨੇ ਕਾਫ਼ੀ ਟਾਲ-ਮਟੋਲ ਤੋਂ ਬਾਅਦ ਸਿਰਫ਼ 8 ਲੱਖ ਰੁਪਏ ਵਾਪਸ ਕੀਤੇ, ਜਦਕਿ ਬਾਕੀ ਰਹਿੰਦੀ 52 ਲੱਖ ਰੁਪਏ ਦੀ ਰਕਮ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਸਾਰੀ ਸਾਜ਼ਿਸ਼ ਸੋਚੀ-ਸਮਝੀ ਰਣਨੀਤੀ ਤਹਿਤ ਘੜੀ ਗਈ ਸੀ। ਐੱਸਐੱਸਪੀ ਦੇ ਹੁਕਮਾਂ ’ਤੇ ਥਾਣਾ ਜ਼ੀਰਕਪੁਰ ਵਿਚ ਅਰੁਣ ਕੁਮਾਰ ਅਤੇ ਰੇਣੂ ਦੇਵੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।