Mohali News :ਬਲੌਂਗੀ ਪੁਲਿਸ ਦੀ ਵੱਡੀ ਕਾਰਵਾਈ, ਰੈਪਿਡੋ ਚਾਲਕ ਨਾਲ ਲੁੱਟਖੋਹ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ
ਮੋਹਾਲੀ ਦੇ ਬਲੌਂਗੀ ਥਾਣਾ ਪੁਲਿਸ ਨੇ ਰੈਪਿਡੋ ਚਾਲਕ ਨੂੰ ਚਾਕੂ ਦੀ ਨੋਕ ’ਤੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਮੋਬਾਈਲ ਫੋਨ, 2400 ਰੁਪਏ ਦੀ ਨਕਦੀ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਹੈ।
Publish Date: Tue, 03 Mar 2026 09:37 PM (IST)
Updated Date: Tue, 03 Mar 2026 09:39 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਮੋਹਾਲੀ ਦੇ ਬਲੌਂਗੀ ਥਾਣਾ ਪੁਲਿਸ ਨੇ ਰੈਪਿਡੋ ਚਾਲਕ ਨੂੰ ਚਾਕੂ ਦੀ ਨੋਕ ’ਤੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਮੋਬਾਈਲ ਫੋਨ, 2400 ਰੁਪਏ ਦੀ ਨਕਦੀ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਿਲਬਾਗ ਸਿੰਘ, ਜੋ ਮੁੱਢਲਾ ਵਸਨੀਕ ਗੁਰਦਾਸਪੁਰ ਦਾ ਹੈ ਅਤੇ ਇਸ ਵੇਲੇ ਮਟੌਰ ਸੈਕਟਰ-70 ਵਿਚ ਰਹਿੰਦਾ ਹੈ, ਰੈਪਿਡੋ ਰਾਹੀਂ ਸਵਾਰੀਆਂ ਛੱਡਣ ਦਾ ਕੰਮ ਕਰਦਾ ਹੈ। 27 ਅਤੇ 28 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹ ਚੰਡੀਗੜ੍ਹ ਤੋਂ ਸਵਾਰੀ ਨੂੰ ਝਾਮਪੁਰ ਛੱਡਣ ਗਿਆ ਸੀ। ਵਾਪਸੀ ਦੌਰਾਨ ਜਦੋਂ ਉਹ ਏ.ਕੇ. ਫਾਰਮ ਦੇ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਨੌਜਵਾਨਾਂ ਨੇ ਉਸਨੂੰ ਘੇਰ ਲਿਆ। ਮੁਲਜ਼ਮਾਂ ਨੇ ਚਾਕੂ ਦੀ ਨੋਕ ’ਤੇ ਉਸਦਾ ਮੋਬਾਈਲ ਫੋਨ ਅਤੇ 2400 ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਸ਼ਿਕਾਇਤ ਮਿਲਣ ਉਪਰੰਤ ਥਾਣਾ ਬਲੌਂਗੀ ਦੇ ਇੰਚਾਰਜ ਇੰਸਪੈਕਟਰ ਪੈਰਿਵਿੰਕਲ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ ਅਤੇ ਗੁਪਤ ਜਾਣਕਾਰੀ ਦੇ ਆਧਾਰ ’ਤੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਪ੍ਰਿੰਸ ਯਾਦਵ, ਪੁਸ਼ਪਿੰਦਰ, ਹੈਪੀ ਕੁਮਾਰ ਅਤੇ ਅੰਸ਼ ਕੁਮਾਰ ਵਜੋਂ ਹੋਈ ਹੈ, ਜੋ ਬਲੌਂਗੀ ਇਲਾਕੇ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਮੋਬਾਈਲ ਅਤੇ 2400 ਰੁਪਏ ਦੀ ਨਕਦੀ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕੁੱਲ 15 ਮੋਬਾਈਲ ਫੋਨ, ਵਾਰਦਾਤ ਲਈ ਵਰਤੀਆਂ ਗਈਆਂ 2 ਮੋਟਰਸਾਈਕਲਾਂ, ਇਕ ਹੋਰ ਮੋਟਰਸਾਈਕਲ, ਇਕ ਜੂਪੀਟਰ ਸਕੂਟਰ, 2 ਚਾਕੂ ਅਤੇ ਇਕ ਦਾਤਰ ਵੀ ਕਬਜ਼ੇ ’ਚ ਲਏ ਹਨ।
ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।