Mohali News : ਪਿਆਰ 'ਚ ਅੰਨ੍ਹੀ ਨਾਬਾਲਗ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਿਤਾ ਦਾ ਕਤਲ
ਪੁੱਛਗਿਛ ਦੌਰਾਨ ਲੜਕੇ ਨੇ ਮੰਨਿਆ ਕਿ ਬੀਤੀ 1 ਮਈ ਨੂੰ ਲੜਕੀ ਨੇ ਆਪਣੇ ਢਿੱਡ ਵਿੱਚ ਦਰਦ ਹੋਣ ਦਾ ਬਹਾਨਾ ਮਾਰਿਆ ਅਤੇ ਪਿਤਾ ਨੂੰ ਆਪਣੇ ਨਾਲ ਘਰ ਤੋਂ ਬਾਹਰ ਲੈ ਆਈ ਅਤੇ ਪ੍ਰੇਮੀ ਨੂੰ ਹਸਪਤਾਲ ਲਿਜਾਣ ਲਈ ਵੀ ਸੱਦ ਲਿਆ। ਇਸ ਤੋਂ ਬਾਅਦ ਪਿਤਾ ਗੁਰਸੇਵਕ ਨੂੰ ਗੱਡੀ ਵਿੱਚ ਬਿਠਾ ਕੇ ਮੋਰਿੰਡੇ ਸਾਈਡ ਲੈ ਗਏ।
Publish Date: Tue, 05 May 2026 07:30 PM (IST)
Updated Date: Tue, 05 May 2026 07:36 PM (IST)
ਮਹਿਰਾ,ਖਰੜ : ਪਿਆਰ ਵਿੱਚ ਅੰਨ੍ਹੀ ਨਾਬਾਲਗ ਕੁੜੀ ਨੇ ਆਪਣੀ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮ੍ਰਿਤਕ ਦੀ ਪਤਨੀ ਰਾਜਵੰਤ ਕੌਰ ਖਾਨਪੁਰ ਨੇ ਦੱਸਿਆ ਕਿ ਉਹਨਾਂ ਦੀ 17 ਸਾਲਾ ਬੇਟੀ ਦਾਊ ਮਾਜਰਾ ਨਿਵਾਸੀ ਵਿਕਾਸ ਸ਼ਾਹ ਨਾਲ ਪ੍ਰੇਮ ਸੰਬੰਧ ਵਿੱਚ ਸੀ ਅਤੇ ਪਰਿਵਾਰ ਉੱਪਰ ਵਿਆਹ ਕਰਵਾਉਣ ਦਾ ਦਬਾਅ ਪਾ ਰਹੀ ਸੀ ਜੋ ਕਿ ਉਸਦੇ ਪਿਤਾ ਗੁਰਸੇਵਕ ਸਿੰਘ ਲੜਕੀ ਦੇ ਨਾਬਾਲਗ ਹੋਣ ਕਾਰਨ ਇਸ ਰਿਸ਼ਤੇ ਦੇ ਖਿ਼ਲਾਫ਼ ਸਨ।
ਇਸ ਮਾਮਲੇ ਵਿੱਚ ਘਰ ਵਿੱਚ ਹਮੇਸ਼ਾ ਝਗੜਾ ਰਹਿੰਦਾ ਸੀ ਅਤੇ ਲੜਕੀ ਨੇ ਪਰਿਵਾਰ ਨੂੰ ਕਈ ਵਾਰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
ਉਸਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਆਪਣੇ ਭਰਾ ਦੇ ਕੋਲ ਗਈ ਹੋਈ ਸੀ ਅਤੇ ਜਦੋਂ ਉਹ 2 ਮਈ ਨੂੰ ਵਾਪਸ ਆਈ ਤਾਂ ਉਸ ਦਾ ਪਤੀ ਉਸਨੂੰ ਘਰ ਨਹੀਂ ਮਿਲਿਆ ਜਿਸ ਤੇ ਉਸਨੇ ਭਾਲ ਵੀ ਕੀਤੀ ਪਰ ਕੁਝ ਥਹੁ ਪਤਾ ਨਹੀਂ ਮਿਲਿਆ। ਇਸ ਤੋਂ ਬਾਅਦ ਉਸਨੇ ਪੁਲਿਸ ਨੂੰ ਪਤੀ ਦੇ ਗਾਇਬ ਹੋਣ ਦੀ ਇਤਲਾਹ ਦਿੱਤੀ ਅਤੇ ਆਪਣਾ ਸ਼ੱਕ ਆਪਣੀ ਲੜਕੀ ਅਤੇ ਉਸਦੇ ਪ੍ਰੇਮੀ ਉੱਪਰ ਦੱਸਿਆ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਦੇ ਪ੍ਰੇਮੀ ਨੂੰ ਹਿਰਾਸਤ ਵਿੱਚ ਲਿਆ ਅਤੇ ਪੁੱਛ ਗਿੱਛ ਕੀਤੀ।
ਪੁੱਛਗਿਛ ਦੌਰਾਨ ਲੜਕੇ ਨੇ ਮੰਨਿਆ ਕਿ ਬੀਤੀ 1 ਮਈ ਨੂੰ ਲੜਕੀ ਨੇ ਆਪਣੇ ਢਿੱਡ ਵਿੱਚ ਦਰਦ ਹੋਣ ਦਾ ਬਹਾਨਾ ਮਾਰਿਆ ਅਤੇ ਪਿਤਾ ਨੂੰ ਆਪਣੇ ਨਾਲ ਘਰ ਤੋਂ ਬਾਹਰ ਲੈ ਆਈ ਅਤੇ ਪ੍ਰੇਮੀ ਨੂੰ ਹਸਪਤਾਲ ਲਿਜਾਣ ਲਈ ਵੀ ਸੱਦ ਲਿਆ। ਇਸ ਤੋਂ ਬਾਅਦ ਪਿਤਾ ਗੁਰਸੇਵਕ ਨੂੰ ਗੱਡੀ ਵਿੱਚ ਬਿਠਾ ਕੇ ਮੋਰਿੰਡੇ ਸਾਈਡ ਲੈ ਗਏ।
ਇਸ ਦੌਰਾਨ ਗੱਲਾਂ ਵਿੱਚ ਉਲਝਾ ਕੇ ਮੋਰਿੰਡੇ ਲਾਗੇ ਨਹਿਰ ਦੇ ਲਿਜਾ ਕਿ ਤੇਜ਼ਧਾਰ ਬਲੇਡ ਨਾਲ ਪਿਤਾ ਦੇ ਗਲੇ ਨੂੰ ਵੱਢ ਦਿੱਤਾ ਅਤੇ ਸਬੂਤ ਛੁਪਾਉਣ ਲਈ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ।
ਐੱਸਐੱਚਓ ਅਮਰਿੰਦਰ ਸਿੰਘ ਅਨੁਸਾਰ ਨਾਬਾਲਗ ਲੜਕੀ ਅਤੇ ਉਸ ਦੇ ਪ੍ਰੇਮੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਜਿਸ ਉਪਰੰਤ ਨਾਬਾਲਗ ਲੜਕੀ ਨੂੰ ਜੂਵੇਲਾਈਨ ਭੇਜ ਦਿੱਤਾ ਗਿਆ ਅਤੇ ਉਸ ਦਾ ਪ੍ਰੇਮੀ ਰਿਮਾਂਡ 'ਤੇ ਹੈ ਅਤੇ ਪੁੱਛ ਗਿਛ ਕੀਤੀ ਜਾ ਰਹੀ ਹੈ।