ਵੱਖ-ਵੱਖ ਵਾਰਡਾਂ ਵਿਚ ‘ਆਪ’, ਅਕਾਲੀ ਦਲ ਤੇ ਕਾਂਗਰਸੀ ਸਮਰਥਕਾਂ ਵਿਚਾਲੇ ਤਲਖ਼ੀ
ਮੁਹਾਲੀ ਨਗਰ ਨਿਗਮ ਚੋਣਾਂ: ਵੱਖ-ਵੱਖ ਵਾਰਡਾਂ ਵਿਚ ‘ਆਪ’, ਅਕਾਲੀ ਦਲ ਤੇ ਕਾਂਗਰਸੀ ਸਮਰਥਕਾਂ ਵਿਚਾਲੇ ਤਲਖ਼ੀ
Publish Date: Tue, 26 May 2026 09:43 PM (IST)
Updated Date: Wed, 27 May 2026 04:11 AM (IST)

ਧੱਕਾਮੁੱਕੀ ਅਤੇ ਬੂਥ ਕਬਜ਼ੇ ਦੇ ਦੋਸ਼ ; ਕਈ ਥਾਈਂ ਮਾਹੌਲ ਗਰਮਾਇਆ ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਚੋਣਾਂ ਦੌਰਾਨ ਮੰਗਲਵਾਰ ਨੂੰ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਵੱਖ-ਵੱਖ ਵਾਰਡਾਂ ਦੇ ਪੋਲਿੰਗ ਬੂਥਾਂ ’ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਤਲਖ਼ੀ, ਬਹਿਸਬਾਜ਼ੀ ਅਤੇ ਧੱਕਾਮੁੱਕੀ ਹੋਣ ਕਾਰਨ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਕਈ ਸੰਵੇਦਨਸ਼ੀਲ ਵਾਰਡਾਂ ਵਿਚ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਪੁਲਿਸ ਪ੍ਰਸ਼ਾਸਨ ਨੂੰ ਹਾਲਾਤ ਤੇ ਕਾਬੂ ਪਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਸਭ ਤੋਂ ਗੰਭੀਰ ਸਥਿਤੀ ਮੁਹਾਲੀ ਦੇ ਇਤਿਹਾਸਕ ਪਿੰਡ ਸੋਹਾਣਾ ਵਿਖੇ ਵਾਰਡ ਨੰ. 39 ਦੇ ਇਕ ਪੋਲਿੰਗ ਬੂਥ ’ਤੇ ਦੇਖਣ ਨੂੰ ਮਿਲੀ। ਇੱਥੇ ਸਵੇਰ ਦੇ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਭਾਰੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ ਨੇ ‘ਆਪ’ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਕੁੱਝ ਸਮਰਥਕਾਂ ਨੇ ਬੂਥ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਵਿਰੋਧ ਕਰਨ ਤੇ ਗੱਲ ਤਿੱਖੀ ਬਹਿਸਬਾਜ਼ੀ ਅਤੇ ਟਕਰਾਅ ਤੱਕ ਪਹੁੰਚੀ। ਇਸੇ ਤਰ੍ਹਾਂ ਦਾ ਵੱਡਾ ਹੰਗਾਮਾ ਸੈਕਟਰ 68 ਕੁੰਬੜਾ ਦੇ ਵਾਰਡ ਨੰ. 29 ਵਿਚ ਵੀ ਦੇਖਣ ਨੂੰ ਮਿਲਿਆ, ਜਿੱਥੇ ‘ਆਪ’ ਅਤੇ ਅਕਾਲੀ ਸਮਰਥਕਾਂ ਵਿਚਾਲੇ ਜ਼ਬਰਦਸਤ ਤਣਾਅ ਬਣ ਗਿਆ। ਅਕਾਲੀ ਦਲ ਦੀ ਉਮੀਦਵਾਰ ਬਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਨੇ ਬਾਹਰੀ ਨੌਜਵਾਨਾਂ ਨੂੰ ਬੁਲਾ ਕੇ ਬੂਥ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਵਾਂ ਧਿਰਾਂ ਵਿਚ ਧੱਕਾਮੁੱਕੀ ਹੋਈ। ਸਥਿਤੀ ਵਿਗੜਦੀ ਦੇਖ ਅਕਾਲੀ ਸਮਰਥਕਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ, ਜਿਸ ਕਾਰਨ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਸਕੂਲ ਦੇ ਗੇਟ ’ਤੇ ਚੜ੍ਹ ਕੇ ਸਥਿਤੀ ਨੂੰ ਕੰਟਰੋਲ ਕਰਨਾ ਪਿਆ। ਇਸ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਸਾਰੇ ਸਮਰਥਕਾਂ ਨੂੰ ਬੂਥ ਤੋਂ ਦੂਰ ਕਰਕੇ ਮਾਹੌਲ ਸ਼ਾਂਤ ਕਰਵਾਇਆ। ਦੂਜੇ ਪਾਸੇ, ਵਾਰਡ ਨੰ. 32 ਵਿਚ ‘ਆਪ’ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਵਿਚਕਾਰ ਜ਼ਬਰਦਸਤ ਝਗੜਾ ਹੋਇਆ। ਇਸ ਦੌਰਾਨ ਹੋਈ ਸ਼ਰੇਆਮ ਧੱਕਾ-ਮੁੱਕੀ ਵਿਚ ਇਕ ਨੌਜਵਾਨ ਦੇ ਕੱਪੜੇ ਤੱਕ ਫਟ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ। ਇਸ ਤੋਂ ਇਲਾਵਾ ਵਾਰਡ ਨੰ. 6, 15, 28 ਅਤੇ 36 ਵਿਚ ਵੀ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਭਾਰੀ ਤਲਖ਼ੀ ਦੇਖਣ ਨੂੰ ਮਿਲੀ। ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਸਾਂਝੇ ਤੌਰ ’ਤੇ ਦੋਸ਼ ਲਗਾਇਆ ਹੈ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਸ਼ਰੇਆਮ ਬੂਥਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।