ਬਲੌਂਗੀ ਦੀ ਆਦਰਸ਼ ਕਾਲੋਨੀ ਵਿਚ ਬੁੱਧਵਾਰ ਦੇਰ ਰਾਤ ਇਕ ਮਾਮੂਲੀ ਤਰਕਰਾਰ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਜਨਮਦਿਨ ਦੀ ਪਾਰਟੀ ਦੌਰਾਨ ਹੋਏ ਝਗੜੇ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਬਲੌਂਗੀ ਦੀ ਆਦਰਸ਼ ਕਾਲੋਨੀ ਵਿਚ ਬੁੱਧਵਾਰ ਦੇਰ ਰਾਤ ਇਕ ਮਾਮੂਲੀ ਤਰਕਰਾਰ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਜਨਮਦਿਨ ਦੀ ਪਾਰਟੀ ਦੌਰਾਨ ਹੋਏ ਝਗੜੇ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਭਿਸ਼ੇਕ ਵਜੋਂ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਭਿਸ਼ੇਕ ਅਤੇ ਉਸ ਦੇ ਸਾਥੀ ਆਪਣੇ ਦੋਸਤ ਪ੍ਰਸ਼ਾਂਤ ਦਾ ਜਨਮਦਿਨ ਮਨਾਉਣ ਲਈ ਇਕੱਠੇ ਹੋਏ ਸਨ। ਇਸੇ ਦੌਰਾਨ ਮੁਲਜ਼ਮ ਮਨੀਸ਼ ਦਾ ਪ੍ਰਸ਼ਾਂਤ ਦੇ ਪਿਤਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਬਹਿਸਬਾਜ਼ੀ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਅਭਿਸ਼ੇਕ ਦੀ ਧੌਣ 'ਤੇ ਵਾਰ ਕਰ ਦਿੱਤਾ। ਗੰਭੀਰ ਸੱਟ ਲੱਗਣ ਕਾਰਨ ਅਭਿਸ਼ੇਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਮਲੇ ਵਿਚ ਪ੍ਰਸ਼ਾਂਤ ਅਤੇ ਜੋਤਿਸ਼ ਵੀ ਜ਼ਖ਼ਮੀ ਹੋਏ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।
ਦੋਸਤ ਨੂੰ ਬਚਾਉਣ ਗਏ ਅਭਿਸ਼ੇਕ ਦੀ ਧੌਣ 'ਤੇ ਕੀਤਾ ਹਮਲਾ
ਮ੍ਰਿਤਕ ਅਭਿਸ਼ੇਕ ਦੇ ਭਰਾ ਦੀਪਕ ਕੁਮਾਰ ਅਤੇ ਜ਼ਖ਼ਮੀ ਨੌਜਵਾਨ ਜੋਤਿਸ਼ ਦੇ ਭਰਾ ਨਿਤੀਸ਼ ਨੇ ਦੱਸਿਆ ਕਿ ਬੁੱਧਵਾਰ ਰਾਤ ਪ੍ਰਸ਼ਾਂਤ ਦਾ ਜਨਮਦਿਨ ਸੀ। ਇਸੇ ਖੁਸ਼ੀ ਦੇ ਮੌਕੇ 'ਤੇ ਅਭਿਸ਼ੇਕ ਅਤੇ ਜੋਤਿਸ਼ ਉੱਥੇ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਨੀਸ਼ ਪਹਿਲਾਂ ਪ੍ਰਸ਼ਾਂਤ ਦੇ ਪਿਤਾ ਨਾਲ ਗਾਲੀ-ਗਲੋਚ ਕਰ ਰਿਹਾ ਸੀ। ਪਾਰਟੀ ਦੌਰਾਨ ਜਦੋਂ ਇਸ ਗੱਲ ਦਾ ਜ਼ਿਕਰ ਹੋਇਆ ਤਾਂ ਅਭਿਸ਼ੇਕ ਅਤੇ ਜੋਤਿਸ਼ ਨੇ ਮੁਲਜ਼ਮ ਨਾਲ ਗੱਲ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸੇ ਦੌਰਾਨ ਗੁੱਸੇ ਵਿਚ ਆਏ ਮੁਲਜ਼ਮ ਨੇ ਪਹਿਲਾਂ ਪ੍ਰਸ਼ਾਂਤ 'ਤੇ ਹਮਲਾ ਕਰ ਦਿੱਤਾ। ਜਦੋਂ ਅਭਿਸ਼ੇਕ ਆਪਣੇ ਦੋਸਤ ਦੇ ਬਚਾਅ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ ਦੀ ਧੌਣ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਦੋ ਨੌਜਵਾਨ ਜ਼ਖ਼ਮੀ, ਇਕ ਪੀਜੀਆਈ ’ਚ ਜ਼ੇਰੇ ਇਲਾਜ
ਹਮਲੇ ਦੌਰਾਨ ਮੁਲਜ਼ਮ ਨੇ ਪ੍ਰਸ਼ਾਂਤ ਅਤੇ ਜੋਤਿਸ਼ 'ਤੇ ਵੀ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਕਾਰਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਕ ਨੌਜਵਾਨ ਦੇ ਹੱਥ 'ਤੇ ਅਤੇ ਦੂਜੇ ਦੇ ਪੈਰ 'ਤੇ ਗੰਭੀਰ ਜ਼ਖ਼ਮ ਹੋਏ ਹਨ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿਚ ਪ੍ਰਸ਼ਾਂਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਦੋਂ ਕਿ ਜੋਤਿਸ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦਾ ਇਲਾਜ ਪੀਜੀਆਈ ਵਿਚ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪੀੜਤ ਪਰਿਵਾਰਾਂ ਵਿਚ ਸੋਗ ਫ਼ੈਲ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਪਹਿਲੀ ਵਾਰ ਅਜਿਹੀ ਖ਼ੂਨੀ ਵਾਰਦਾਤ ਹੋਈ ਹੈ, ਜਿਸ ਕਾਰਨ ਲੋਕ ਸਹਿਮੇ ਹੋਏ ਹਨ।
ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ
ਥਾਣਾ ਬਲੌਂਗੀ ਦੇ ਐੱਸਐੱਚਓ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਦੇਰ ਰਾਤ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਅਤੇ ਦੋ ਹੋਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਮਨੀਸ਼ ਖ਼ਿਲਾਫ਼ ਕਤਲ ਅਤੇ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਵਾਰਦਾਤ ਤੋਂ ਬਾਅਦ ਤੋਂ ਹੀ ਫ਼ਰਾਰ ਹੈ, ਜਿਸਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।