ਪੰਜਾਬ ਵਿਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ(ਏਐਨਟੀਐਫ) ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਹਰਵਿੰਦਰ ਸਿੰਘ ਦਾ ਅਗਵਾ ਕਰਕੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੁਲਜ਼ਮ ਉਨ੍ਹਾਂ ਨੂੰ ਬੇਹੋਸ਼ ਸਮਝ ਕੇ ਗੱਡੀ ਤੋਂ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਏ।
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ: ਪੰਜਾਬ ਵਿਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ(ਏਐਨਟੀਐਫ) ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਹਰਵਿੰਦਰ ਸਿੰਘ ਦਾ ਅਗਵਾ ਕਰਕੇ ਉਨ੍ਹਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੁਲਜ਼ਮ ਉਨ੍ਹਾਂ ਨੂੰ ਬੇਹੋਸ਼ ਸਮਝ ਕੇ ਗੱਡੀ ਤੋਂ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਨੇ ਤਫ਼ਤੀਸ਼ ਦੌਰਾਨ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਹਿਚਾਣ ਨਵਦੀਪ, ਸੰਜੂ, ਬਲਵਿੰਦਰ ਉਰਫ਼ ਬਿੱਲਾ, ਰਮਨੀਤ ਅਤੇ ਜਗਦੀਪ ਉਰਫ਼ ਜੱਗੀ ਵਜੋਂ ਹੋਈ ਹੈ। ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਪੁਲਿਸ ਵਲੋਂ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਇਲਾਕਾ ਮੈਜਿਸਟਰੇਟ ਨੇ ਮੁਲਜ਼ਮਾਂ ਦੀ ਮੈਡੀਕਲ ਹਾਲਤ ਦਾ ਹਵਾਲਾ ਦਿੰਦਿਆਂ ਪੁਲਿਸ ਰਿਮਾਂਡ ਦੀ ਮੰਗ ਖ਼ਾਰਜ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 24-25 ਫ਼ਰਵਰੀ ਦੀ ਦਰਮਿਆਨੀ ਰਾਤ ਦੀ ਹੈ। ਏਐਸਆਈ ਹਰਵਿੰਦਰ ਸਿੰਘ ਉਸ ਵੇਲੇ ਖਾਣਾ ਲੈਣ ਲਈ ਬਾਹਰ ਨਿਕਲੇ ਹੋਏ ਸਨ। ਇਸ ਦੌਰਾਨ ਇੱਕ ਸਵਿਫਟ ਡਿਜ਼ਾਇਰ ਕਾਰ ਉਨ੍ਹਾਂ ਕੋਲ ਆ ਰੁਕੀ। ਕਾਰ ਸਵਾਰਾਂ ਨੇ ਹਵਾਈ ਅੱਡੇ ਦਾ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਨੂੰ ਨੇੜੇ ਬੁਲਾਇਆ ਅਤੇ ਜਿਵੇਂ ਹੀ ਉਹ ਕਾਰ ਕੋਲ ਪਹੁੰਚੇ, ਉਨ੍ਹਾਂ ਨੂੰ ਜਬਰਦਸਤੀ ਅੰਦਰ ਖਿੱਚ ਲਿਆ ਗਿਆ।
ਕਾਰ ਵਿੱਚ ਬੈਠੇ ਵਿਅਕਤੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਧਮਕੀ ਦਿੱਤੀ ਕਿ “ਚਿੱਟੇ” ਦੇ ਮਾਮਲਿਆਂ ਵਿੱਚ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਇਹ ਸਜ਼ਾ ਹੈ। ਉਨ੍ਹਾਂ ਨੂੰ ਆਗਾਹ ਕੀਤਾ ਗਿਆ ਕਿ ਭਵਿੱਖ ਵਿੱਚ ਅਜੇਹੇ ਕੇਸ ਦਰਜ ਨਾ ਕੀਤੇ ਜਾਣ।
ਘਟਨਾ ਤੋਂ ਬਾਅਦ ਰਾਹਗੀਰਾਂ ਨੇ ਜ਼ਖ਼ਮੀ ਹਾਲਤ ਵਿੱਚ ਪਏ ਏਐਸਆਈ ਨੂੰ ਦੇਖ ਕੇ ਤੁਰੰਤ ਹਸਪਤਾਲ ਪਹੁੰਚਾਇਆ। ਮੈਡੀਕਲ ਰਿਪੋਰਟ ਮੁਤਾਬਕ ਉਨ੍ਹਾਂ ਦੇ ਸਰੀਰ ’ਤੇ ਤਿੰਨ ਬਲੰਟ ਇੰਜਰੀਆਂ ਦਰਜ ਕੀਤੀਆਂ ਗਈਆਂ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।