ਵਿਧਾਇਕ ਨੇ ਤੀਰਥ ਯਾਤਰਾ ਲਈ ਬਾਰ੍ਹਵੀਂ ਬੱਸ ਕੀਤੀ ਰਵਾਨਾ
ਵਿਧਾਇਕ ਨੇ ਤੀਰਥ ਯਾਤਰਾ ਲਈ ਬਾਰ੍ਹਵੀਂ ਬੱਸ ਕੀਤੀ ਰਵਾਨਾ
Publish Date: Mon, 16 Mar 2026 07:59 PM (IST)
Updated Date: Mon, 16 Mar 2026 08:04 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸ਼ਰਧਾਲੂਆਂ ਨਾਲ ਭਰੀ 12ਵੀਂ ਬੱਸ ਨੂੰ ਤੀਰਥ ਯਾਤਰਾ ਲਈ ਰਵਾਨਾ ਕੀਤਾ ਗਿਆ। ਵਿਧਾਇਕ ਕੁਲਵੰਤ ਸਿੰਘ ਨੇ ਵਾਰਡ ਨੰਬਰ 40 ਸੋਹਾਣਾ ਤੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ਼੍ਰੀ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ, ਜਲ੍ਹਿਆਂਵਾਲਾ ਬਾਗ਼ ਅਤੇ ਵਾਹਗਾ ਬਾਰਡਰ ਜਾਣਗੇ। ਇਹ ਯਾਤਰਾ ਦੋ ਰਾਤਾਂ ਅਤੇ ਤਿੰਨ ਦਿਨਾਂ ਵਿਚ ਪੂਰੀ ਕਰ ਕੇ ਵਾਪਸ ਮੁਹਾਲੀ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਰਾਹੀਂ ਜਿੱਥੇ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਦਾ ਮੌਕਾ ਮਿਲਦਾ ਹੈ, ਉੱਥੇ ਇਕੱਠੇ ਸਮਾਂ ਬਤੀਤ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਵੀ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਭਰ ਤੋਂ ਰੋਜ਼ਾਨਾ ਲਗਭਗ 60 ਬੱਸਾਂ ਤੀਰਥ ਯਾਤਰਾ ਲਈ ਭੇਜੀਆਂ ਜਾ ਰਹੀਆਂ ਹਨ ਅਤੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਇਸ ਯੋਜਨਾ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤਾਂ ਜੋ ਕੋਈ ਵੀ ਸ਼ਰਧਾਲੂ ਤੀਰਥ ਯਾਤਰਾ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਗਰੰਟੀਆਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟਰੇਸ਼ਨ ਕੇਂਦਰਾਂ ’ਤੇ ਲੁੜੀਂਦੇ ਕਾਰਡ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਲੈਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਪਿੰਡ ਪੱਧਰ ’ਤੇ ਅਤੇ ਬੂਥ ਵਾਈਜ਼ ਲਿਸਟਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਵਿਚ ਕਈ ਨਵੇਂ ਚੌਕ ਤਿਆਰ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਚੌਕਾਂ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ, ਜਿਨ੍ਹਾਂ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਨਾਲ ਜਿੱਥੇ ਸ਼ਹਿਰ ਦੀ ਖ਼ੂਬਸੂਰਤੀ ਵਿਚ ਵਾਧਾ ਹੋਵੇਗਾ, ਉੱਥੇ ਟ੍ਰੈਫਿਕ ਸਮੱਸਿਆ ’ਤੇ ਵੀ ਕਾਬੂ ਪਾਇਆ ਜਾ ਸਕੇਗਾ। ਇਸ ਮੌਕੇ ਸਟੇਟ ਐਵਾਰਡੀ ਅਤੇ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਪਹਿਲ ਕਰ ਕੇ ਬੂਥ ਵਾਈਜ਼ ਆਪਣੇ ਨਾਮ ਦਰਜ ਕਰਵਾ ਰਹੇ ਹਨ। ਇਸ ਮੌਕੇ ਸਟੇਟ ਐਵਾਰਡੀ ਅਤੇ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਕੁਲਦੀਪ ਸਿੰਘ ਸਮਾਣਾ, ਗੋਬਿੰਦਰ ਮਿੱਤਲ ਚੇਅਰਮੈਨ ਮਾਰਕੀਟ ਕਮੇਟੀ, ਜਸਪਾਲ ਸਿੰਘ ਐੱਮਸੀ, ਕਮਲਜੀਤ ਕੌਰ ਸੋਹਾਣਾ, ਬਲਵਿੰਦਰ ਸਿੰਘ ਮੌਲੀ, ਗੁਰਦੀਪ ਸਿੰਘ, ਨਿਰਮਲ ਸਿੰਘ ਅਤੇ ਅਮਰੀਕ ਸਿੰਘ ਆਦਿ ਮੌਜੂਦ ਸਨ।