ਵਿਧਾਇਕ ਰੰਧਾਵਾ ਵੱਲੋਂ ਤੀਰਥ ਯਾਤਰਾ ਤਹਿਤ ਤੀਜੀ ਵਿਸ਼ੇਸ਼ ਬੱਸ ਰਵਾਨਾ
ਵਿਧਾਇਕ ਰੰਧਾਵਾ ਵੱਲੋਂ ਤੀਰਥ ਯਾਤਰਾ ਤਹਿਤ ਤੀਸਰੀ ਵਿਸ਼ੇਸ਼ ਬੱਸ ਰਵਾਨਾ
Publish Date: Sat, 14 Feb 2026 05:30 PM (IST)
Updated Date: Sat, 14 Feb 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤੀਜੀ ਵਿਸ਼ੇਸ਼ ਬੱਸ ਪਿੰਡ ਬੇਹੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤੀ ਗਈ। ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਯਾਤਰਾ ਦੌਰਾਨ ਬਜ਼ੁਰਗਾਂ ਦੀ ਸਿਹਤ, ਸੁਰੱਖਿਆ ਅਤੇ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪਵਿੱਤਰ ਯਾਤਰਾ ਸ਼ਰਧਾਲੂਆਂ ਨੂੰ ਆਤਮਿਕ ਸ਼ਾਂਤੀ ਦਾ ਅਨੁਭਵ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਨਾਲ ਜੋੜਦੀ ਹੈ। ਇਹ ਯਾਤਰਾ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਾਨ ਦੇ ਦਰਸ਼ਨ ਕਰਵਾਉਣ ਤੋਂ ਇਲਾਵਾ ਯਾਤਰੀਆਂ ਨੂੰ ਜਲ੍ਹਿਆਂਵਾਲਾ ਬਾਗ਼ ਅਤੇ ਵਾਹਗਾ ਸਰਹੱਦ ਵੀ ਦਿਖਾਵੇਗੀ। ਯਾਤਰੀਆਂ ਦੇ ਆਉਣ-ਜਾਣ, ਰਹਿਣ-ਸਹਿਣ ਅਤੇ ਖਾਣ-ਪੀਣ ਦੀ ਪੂਰੀ ਵਿਵਸਥਾ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ, ਤਾਂ ਜੋ ਬਜ਼ੁਰਗ ਯਾਤਰੀ ਸੁਖਦਾਇਕ ਅਤੇ ਸੁਰੱਖਿਅਤ ਤਰੀਕੇ ਨਾਲ ਆਪਣੀ ਧਾਰਮਿਕ ਯਾਤਰਾ ਦਾ ਲਾਭ ਲੈ ਸਕਣ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਮਾਨ ਸਰਕਾਰ ਬਜ਼ੁਰਗਾਂ ਦੀ ਸੱਚੀ ਸੇਵਾ ਕਰ ਰਹੀ ਹੈ ਅਤੇ ਸਮਾਜ ਵਿਚ ਉਨ੍ਹਾਂ ਪ੍ਰਤੀ ਸਨਮਾਨ ਅਤੇ ਸੰਭਾਲ ਦਾ ਸੰਦੇਸ਼ ਦੇ ਰਹੀ ਹੈ।