ਵਿਧਾਇਕ ਕੁਲਵੰਤ ਸਿੰਘ ਵੱਲੋਂ ਰਾਹਤ ਸਮੱਗਰੀ ਦੇ ਵਾਹਨ ਰਵਾਨਾ
ਵਿਧਾਇਕ ਕੁਲਵੰਤ ਸਿੰਘ ਵੱਲੋਂ ਰਾਹਤ ਸਮੱਗਰੀ ਦੇ ਵਾਹਨ ਰਵਾਨਾ, ਪ੍ਰਧਾਨ ਮੰਤਰੀ ਨੂੰ ਅਗਲੀ ਗਰਾਂਟ ਵਧਾ ਕੇ ਜਲਦ ਭੇਜਣ ਦੀ ਅਪੀਲ
Publish Date: Thu, 18 Sep 2025 07:52 PM (IST)
Updated Date: Thu, 18 Sep 2025 07:53 PM (IST)

- ਪ੍ਰਧਾਨ ਮੰਤਰੀ ਨੂੰ ਅਗਲੀ ਗ੍ਰਾਂਟ ਵਧਾ ਕੇ ਜਲਦੀ ਭੇਜਣ ਦੀ ਕੀਤੀ ਅਪੀਲ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ’ਚ ਹੜ੍ਹ ਪੀੜਤਾਂ ਲਈ ਰਾਸ਼ਨ, ਹੋਰ ਲੁੜੀਂਦਾ ਸਾਮਾਨ ਭੇਜੇ ਜਾਣਾ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਬਕਾਇਦਾ ਪ੍ਰਬੰਧ ਕੀਤੇ ਜਾਣ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਗੱਲ ਵੀਰਵਾਰ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ-79 ਸਥਿਤ ਦਫ਼ਤਰ ਵਿਖੇ ਕਹੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੀਰਵਾਰ ਨੂੰ ਹੜ੍ਹ ਪੀੜਤਾਂ ਦੇ ਲਈ 500 ਮੰਜੇ, ਬਿਸਤਰੇ, ਸਰਹਾਣੇ, ਗੱਦੇ ਆਦਿ ਨਾਲ ਭਰੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਰਹੇ ਸਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ 2300 ਪਿੰਡ ਅਤੇ 5 ਲੱਖ ਏਕੜ ਦੇ ਕਰੀਬ ਜ਼ਮੀਨ ਪਾਣੀ ਵਿਚ ਵਹਿ ਚੁੱਕੀ ਹੈ, ਮੰਜੇ, ਬਿਸਤਰੇ, ਗਾਵਾਂ, ਮੱਝਾਂ, ਭੇਡ-ਬਕਰੀਆਂ ਸਭ ਕੁਝ ਤਬਾਹ ਹੋ ਚੁੱਕਾ ਹੈ, ਪਰ ਪੰਜਾਬੀ ਬੜੇ ਜਿਗਰੇ ਵਾਲੇ ਹਨ, ਇਹ ਡਿੱਗਦੇ ਹਨ ਤੇ ਜਲਦੀ ਹੀ ਖੜ੍ਹੇ ਵੀ ਹੋ ਜਾਂਦੇ ਹਨ, ਇਸ ਲਈ ਇਸ ਬਿਪਤਾ ਦੀ ਘੜੀ ਵਿਚ ਸਾਰਾ ਪੰਜਾਬ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ ਵਿਚ ਜਿੱਥੇ ਵੀ ਪੰਜਾਬੀ ਵੱਸਦੇ ਹਨ, ਉਨ੍ਹਾਂ ਵੱਲੋਂ ਆਪੋ-ਆਪਣੀ ਸਮਰੱਥਾ ਮੁਤਾਬਿਕ ਅਤੇ ਹੜ੍ਹ ਪੀੜਤਾਂ ਦੀ ਲੋੜ ਦੇ ਮੁਤਾਬਿਕ ਰਾਹਤ ਸਮੱਗਰੀ ਅਤੇ ਹੋਰ ਲੁੜੀਂਦਾ ਸਾਮਾਨ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਇਸ ਗਰੁੱਪ ਵੱਲੋਂ ਮੁਹਾਲੀ ਤੋਂ 500 ਮੰਜੇ 500 ਗੱਦੇ, 1000 ਸਰਹਾਣਾ ਆਦਿ ਸਾਮਾਨ ਭੇਜਿਆ ਜਾ ਰਿਹਾ ਹੈ ਅਤੇ ਨੋਡਲ ਅਫ਼ਸਰ ਤੋਂ ਪੁੱਛ ਕੇ ਹੀ ਉਸ ਇਲਾਕੇ ਦੀ ਜ਼ਰੂਰਤ ਮੁਤਾਬਿਕ ਸਾਮਾਨ ਇਕੱਠਾ ਕੀਤਾ ਜਾਂਦਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਇਹ ਸਿਲਸਿਲਾ ਅਗਾਹ ਵੀ ਜਾਰੀ ਰੱਖਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਹੜ੍ਹਾਂ ਦੀ ਤਬਾਹੀ ਦੇ ਸਬੰਧ ਵਿਚ ਜਾਰੀ ਕੀਤੀ ਗਈ ਗ੍ਰਾਂਟ ਬਾਰੇ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਹੈ ਕਿ ਉਹ ਅਗਲੀ ਗ੍ਰਾਂਟ ਨੂੰ ਜਲਦੀ ਤੋਂ ਜਲਦੀ ਭੇਜਣ, ਕਿਉਂਕਿ ਸਭ ਕੁਝ ਹੀ ਨਵਾਂ ਕੀਤਾ ਜਾਣਾ ਹੈ ਅਤੇ ਮੁੜ-ਵਸੇਬੇ ਲਈ ਹੋਰ ਪੈਸੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਭ ਜਾਣਦੇ ਹਨ ਕਿ ਦੇਸ਼ ਦੇ ਬਸ਼ਿੰਦਿਆਂ ਦਾ ਅੱਧ ਤੋਂ ਵੱਧ ਹਿੱਸਾ ਅੰਨ-ਭੰਡਾਰ ਵਿਚ ਪੰਜਾਬੀਆਂ ਦਾ ਯੋਗਦਾਨ ਰਹਿੰਦਾ ਹੈ ਅਤੇ ਹੁਣ ਪੰਜਾਬੀਆਂ ’ਤੇ ਇਸ ਬਿਪਤਾ ਦੀ ਘੜੀ ਵਿਚ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਕਟਰ-79 ਸਥਿਤ ਦਫ਼ਤਰ ਤੋਂ ਹੀ ਇਸ ਤੋਂ ਪਹਿਲਾਂ ਵੀ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦੇ ਕਈ ਵਾਹਨ ਭੇਜੇ ਜਾ ਚੁੱਕੇ ਹਨ। ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ, ਸਟੇਟ ਐਵਾਰਡੀ ਫੂਲਰਾਜ ਸਿੰਘ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਪਰਮਜੀਤ ਸਿੰਘ, ਗੁਰਜੰਟ ਸਿੰਘ ਸਰਪੰਚ ਭਾਗੋ ਮਾਜਰਾ, ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਹਰਮੀਤ ਸਿੰਘ, ਡਾ. ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਪੰਚ ਬਰਿਆਲੀ, ਰਜਿੰਦਰ ਸਿੰਘ ਰਾਜੂ ਸਰਪੰਚ ਬੜਮਾਜਰਾ, ਗੁਰਪ੍ਰੀਤ ਸਿੰਘ ਕੁਰੜਾ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਬਿਕਰਮ ਸਿੰਘ, ਗੋਵਿੰਦਰ ਸਿੰਘ ਮਾਵੀ, ਰਵਿੰਦਰ ਸਿੰਘ ਬਿੰਦਰਾ ਕੌਂਸਲਰ, ਮਲਕੀਤ ਸਿੰਘ ਬਲਾਕ ਪ੍ਰਧਾਨ ਰਾਏਪੁਰ, ਜਗਦੇਵ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਅਵਤਾਰ ਸਿੰਘ ਝਾਂਮਪੁਰ, ਸੁਖਵਿੰਦਰ ਸਿੰਘ ਸੁੱਖਾ, ਮਨਪ੍ਰੀਤ ਸਿੰਘ ਮਨੀ ਬੜਮਾਜਰਾ, ਮਨਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ।