ਮੈਰੀਟੋਰੀਅਸ ਮਹਿਲਾ ਅਧਿਆਪਕਾਂ ਦਾ ਸਰਕਾਰ ਖ਼ਿਲਾਫ਼ ਧਰਨਾ
ਮੈਰੀਟੋਰੀਅਸ ਮਹਿਲਾ ਅਧਿਆਪਕਾਂ ਦਾ ਸਰਕਾਰ ਖ਼ਿਲਾਫ਼ ਧਰਨਾ
Publish Date: Mon, 09 Mar 2026 06:20 PM (IST)
Updated Date: Mon, 09 Mar 2026 06:24 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀਆਂ ਮਹਿਲਾ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਚੰਡੀਗੜ੍ਹ ਵਿਚ ਪੋਸਟਰ ਪ੍ਰਦਸ਼ਨ ਕੀਤਾ। ਪ੍ਰਦਸ਼ਨ ਦੀ ਅਗਵਾਈ ਯੂਨੀਅਨ ਦੀਆਂ ਮਹਿਲਾ ਆਗੂਆਂ ਨੇ ਕੀਤੀ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੈਰੀਟੋਰੀਅਸ ਅਧਿਆਪਕਾਂ ਨੂੰ ਰੈਗੂਲਰ ਕਰਨ ਵਾਲੇ ਮਸਲੇ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ। ਇਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਨਿਰਾਸ਼ਾ ਹੈ। ਧਰਨੇ ਦੌਰਾਨ ਮਹਿਲਾ ਅਧਿਆਪਕਾਂ ਨੇ ਮਿਆਰੀ ਸਿੱਖਿਆ ਪ੍ਰਣਾਲੀ ਵਿਚ ਆਪਣਾ ਯੋਗਦਾਨ ਜਤਾਉਂਦੇ ਹੋਏ ਕਿਹਾ ਕਿ ਇਸ ਸਾਲ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਨਾਲ 130 ਵਿਦਿਆਰਥੀਆਂ ਨੇ ਜੇਈਈ ਮੇਨਸ ਪ੍ਰੀਖਿਆ ਪਾਸ ਕੀਤੀ, ਜੋ ਕਿ ਪੰਜਾਬ ਲਈ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਪਰ ਇਸ ਉਪਲਬੱਧੀ ਦੇ ਬਾਵਜੂਦ ਅਧਿਆਪਕ ਹਾਲੇ ਤੱਕ ਕੱਚੇ ਹਨ ਅਤੇ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ। ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਸਰਕਾਰ ਦੀ ਨੀਤੀ ’ਤੇ ਤਿੱਖੀ ਟਿੱਪਣੀ ਕੀਤੀ ਅਤੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਪੰਜਾਬ ਦੀਆਂ ਔਰਤਾਂ ਨਾਲ ਚੋਣਾਂ ਦੌਰਾਨ 1000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਉਹ ਮਹਿਲਾ ਅਧਿਆਪਕ ਜੋ ਦਿਨ-ਰਾਤ ਮਿਹਨਤ ਕਰ ਰਹੀਆਂ ਹਨ, ਉਨ੍ਹਾਂ ਨੂੰ ਸੜਕਾਂ ’ਤੇ ਰੋਸ ਧਰਨਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਧਰਨੇ ਦੌਰਾਨ ਮਹਿਲਾ ਅਧਿਆਪਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਆਪਣੇ ਵਾਅਦਿਆਂ ਨੂੰ ਨਿਭਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੈਰੀਟੋਰੀਅਸ ਅਧਿਆਪਕਾਂ ਨੂੰ ਰੈਗੂਲਰ ਕਰਨ ਬਾਰੇ ਕੋਈ ਠੋਸ ਫ਼ੈਸਲਾ ਨਾ ਲਿਆ ਤਾਂ ਯੂਨੀਅਨ ਅਤੇ ਅਧਿਆਪਕਾਂ ਵੱਲੋਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤੇ ਜਾਣਗੇ। ਡਾ. ਟੀਨਾ ਪ੍ਰਧਾਨ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਮੈਰੀਟੋਰੀਅਸ ਅਧਿਆਪਕਾਂ ਦੀ ਮਿਹਨਤ ਅਤੇ ਸਿੱਖਿਆ ਲਈ ਕੀਤੀ ਸੇਵਾ ਦਾ ਸਨਮਾਨ ਹਾਸਲ ਕਰਨ ਲਈ ਯੂਨੀਅਨ ਆਖ਼ਰੀ ਸਾਹ ਤੱਕ ਲੜਾਈ ਜਾਰੀ ਰੱਖੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਹੁਣ ਗੱਲਾਂ ਨਹੀਂ, ਕੰਮ ਕਰਨ ਦੀ ਲੋੜ ਹੈ। ਪ੍ਰਦਰਸ਼ਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਬੈਠਕ ਕਰਵਾਉਣ ਦੇ ਭਰੋਸੇ ਤੋਂ ਬਾਅਦ ਖ਼ਤਮ ਕੀਤਾ ਗਿਆ, ਪਰ ਯੂਨੀਅਨ ਨੇ ਆਗਾਹ ਕੀਤਾ ਕਿ ਜੇ ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਸੰਘਰਸ਼ ਅੱਗੇ ਵੀ ਜਾਰੀ ਰਹੇਗਾ।