ਕਰਨਾਲ ਆਸ਼ਰਮ ਭੇਜਿਆ ਮਾਨਸਿਕ ਤੌਰ 'ਤੇ ਕਮਜ਼ੋਰ ਨੌਜਵਾਨ
ਕਰਨਾਲ ਆਸ਼ਰਮ ਭੇਜਿਆ ਮਾਨਸਿਕ ਤੌਰ 'ਤੇ ਕਮਜ਼ੋਰ ਨੌਜਵਾਨ
Publish Date: Tue, 05 May 2026 06:16 PM (IST)
Updated Date: Wed, 06 May 2026 04:09 AM (IST)

ਸੁਨੀਲ ਕੁਮਾਰ ਭੱਟੀ/ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਸਿਵਲ ਹਸਪਤਾਲ ਵਿਚ ਪਿਛਲੇ ਦੋ ਮਹੀਨਿਆਂ ਤੋਂ ਇਲਾਜ ਅਧੀਨ ਇਕ ਮਾਨਸਿਕ ਤੌਰ ਤੇ ਕਮਜ਼ੋਰ ਨੌਜਵਾਨ ਨੂੰ ਆਖ਼ਰਕਾਰ ਬਿਹਤਰ ਦੇਖਭਾਲ ਲਈ ਕਰਨਾਲ ਦੇ ਇਕ ਆਸ਼ਰਮ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਲੱਗਭਗ 20 ਸਾਲਾਂ ਦਾ ਇਹ ਨੌਜਵਾਨ ਆਪਣਾ ਨਾਂ ਭੋਲਾ ਦੱਸਦਾ ਹੈ, ਪਰ ਉਸ ਨੂੰ ਆਪਣੇ ਪਰਿਵਾਰ ਅਤੇ ਪਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨੂੰ ਕੁਝ ਸਮਾਂ ਪਹਿਲਾਂ ਜ਼ਖ਼ਮੀ ਹਾਲਤ ਵਿਚ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਸਦੀ ਲੱਤ ਵਿਚ ਫਰੈਕਚਰ ਪਾਇਆ ਗਿਆ ਸੀ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦਾ ਦੋ ਮਹੀਨੇ ਇਲਾਜ ਚੱਲਿਆ ਅਤੇ ਉਸਦਾ ਫਰੈਕਚਰ ਵੀ ਠੀਕ ਹੋ ਗਿਆ ਸੀ ਪਰ ਉਸਦੀ ਮਾਨਸਿਕ ਸਥਿਤੀ ਅਸਥਿਰ ਹੋਣ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰਥ ਸੀ। ਇਸ ਤੋਂ ਇਲਾਵਾ, ਉਹ ਆਪਣੇ ਰੋਜ਼ਾਨਾ ਦੇ ਕੰਮ ਆਪਣੇ ਆਪ ਕਰਨ ਵਿਚ ਅਸਮਰਥ ਸੀ, ਜਿਸ ਕਾਰਨ ਹਸਪਤਾਲ ਦੇ ਸਟਾਫ਼ ਲਈ ਉਸਦੀ ਦੇਖਭਾਲ ਕਰਨਾ ਮੁਸ਼ਕਲ ਹੋ ਗਿਆ ਸੀ। ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ, ਸਮਾਜ ਸੇਵਕ ਸੋਨੂੰ ਸੇਠੀ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਅਤੇ ਉਸ ਨੂੰ ਕਰਨਾਲ ਦੇ ਅਪਨਾ ਆਸ਼ਿਆਨਾ ਆਸ਼ਰਮ ਲਿਜਾਣ ਦੀ ਜ਼ਿੰਮੇਵਾਰੀ ਲਈ, ਜਿਨ੍ਹਾਂ ਵੱਲੋਂ ਉਕਤ ਨੌਜਵਾਨ ਨੂੰ ਕਰਨਾਲ ਆਸ਼ਰਮ ਲਿਜਾਇਆ ਗਿਆ। ਇਸ ਮੌਕੇ ਸਮਾਜ ਸੇਵਕ ਪਵਨ ਧੀਮਾਨ ਉਰਫ਼ ਪੰਮਾ, ਹਰਿੰਦਰ ਹਨੀ, ਲੱਕੀ ਮੁਖੀਜਾ, ਅਨਿਲ ਸ਼ਰਮਾ ਅਤੇ ਜਤਿੰਦਰ ਸਿੰਘ ਵੀ ਮੌਜੂਦ ਸਨ। ਸਥਾਨਕ ਨਿਵਾਸੀਆਂ ਨੇ ਸਮਾਜ ਸੇਵਕਾਂ ਦੇ ਉਨ੍ਹਾਂ ਦੇ ਨੇਕ ਕੰਮ ਲਈ ਪ੍ਰਸ਼ੰਸਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਅਜਿਹੇ ਯਤਨ ਬੇਸਹਾਰਾ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਰਹਿਣਗੇ।