ਐੱਮਡੀਸੀਏ ਦੇ ਵਫ਼ਦ ਨੇ ਐੱਮਪੀ ਮਾਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਸੌਂਪਿਆ
ਐੱਮਡੀਸੀਏ ਦੇ ਵਫ਼ਦ ਨੇ ਐੱਮਪੀ ਮਾਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਸੌਪਿਆ
Publish Date: Mon, 11 May 2026 09:28 PM (IST)
Updated Date: Mon, 11 May 2026 09:30 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਡਿਸਟ੍ਰਿਕਟ ਕੈਮਿਸਟਸ ਐਸੋਸੀਏਸ਼ਨ (ਐੱਮਡੀਸੀਏ) ਦੇ ਪ੍ਰਧਾਨ ਅਮਰਦੀਪ ਸਿੰਘ ਅਤੇ ਜਨਰਲ ਸਕੱਤਰ ਵਿਕਰਮ ਠਾਕੁਰ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਇਕ ਵਫ਼ਦ ਨੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੂੰ ਇਕ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਕੈਮਿਸਟ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਗੰਭੀਰ ਸਮੱਸਿਆਵਾਂ ਅਤੇ ਹੋ ਰਹੀਆਂ ਨਾਇਨਸਾਫ਼ੀਆਂ ਬਾਰੇ ਜਾਣੂ ਕਰਵਾਇਆ ਗਿਆ। ਵਫ਼ਦ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਲਾਇਸੈਂਸਸ਼ੁਦਾ ਕੈਮਿਸਟਾਂ ਅਤੇ ਮੈਡੀਕਲ ਸਟੋਰ ਮਾਲਕਾਂ ਨੂੰ ਗ਼ੈਰ-ਨਿਯੰਤਰਿਤ ਅਤੇ ਬੇਰੋਕ ਟੋਕ ਚੱਲ ਰਹੀਆਂ ਈ-ਫਾਰਮੇਸੀਆਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਰਿਟੇਲ ਕੈਮਿਸਟਾਂ ਨਾਲ ਹੋ ਰਹੀ ਪ੍ਰਸ਼ਾਸਨਿਕ ਤੰਗ-ਪਰੇਸ਼ਾਨੀ ਅਤੇ ਛੋਟੇ ਤੇ ਦਰਮਿਆਨੇ ਪੱਧਰ ਦੇ ਫਾਰਮੇਸੀ ਕਾਰੋਬਾਰਾਂ ’ਤੇ ਪੈ ਰਹੇ ਨਕਾਰਾਤਮਕ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਕੈਮਿਸਟ ਭਾਈਚਾਰਾ ਸਦਾ ਹੀ ਸਿਹਤ ਸੇਵਾਵਾਂ ਦਾ ਇਕ ਅਹਿਮ ਹਿੱਸਾ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਵਰਗੇ ਔਖੇ ਸਮਿਆਂ ਦੌਰਾਨ ਵੀ ਲੋਕਾਂ ਦੀ ਸੇਵਾ ਲਈ ਦਿਨ-ਰਾਤ ਡਟਿਆ ਰਿਹਾ ਪਰੰਤੂ ਅੱਜ ਇਹ ਭਾਈਚਾਰਾ ਗ਼ਲਤ ਵਪਾਰਕ ਨੀਤੀਆਂ, ਆਨਲਾਈਨ ਦਵਾਈਆਂ ਦੀ ਬਿਨਾਂ ਯੋਗ ਨਿਗਰਾਨੀ ਵਿਕਰੀ ਅਤੇ ਵੱਖ-ਵੱਖ ਪ੍ਰਸ਼ਾਸਨਿਕ ਚੁਣੌਤੀਆਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਪ੍ਰਧਾਨ ਅਮਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਜ਼ਾਰਾਂ ਕੈਮਿਸਟਾਂ ਦੇ ਰੁਜ਼ਗਾਰ ਦੀ ਰੱਖਿਆ ਲਈ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਹੋਰ ਸਬੰਧਤ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਜਨਰਲ ਸਕੱਤਰ ਵਿਕਰਮ ਠਾਕੁਰ ਨੇ ਕਿਹਾ ਕਿ ਬਿਨਾਂ ਯੋਗ ਨਿਯਮਾਂ ਦੇ ਚੱਲ ਰਹੀਆਂ ਈ-ਫਾਰਮੇਸੀਆਂ ਲੋਕਾਂ ਦੀ ਸਿਹਤ ਲਈ ਵੀ ਖ਼ਤਰਾ ਬਣ ਸਕਦੀਆਂ ਹਨ, ਕਿਉਂਕਿ ਇਸ ਨਾਲ ਬਿਨਾਂ ਡਾਕਟਰੀ ਪਰਚੀ ਤੋਂ ਦਵਾਈਆਂ ਦੀ ਵਿਕਰੀ, ਦਵਾਈਆਂ ਦੇ ਗ਼ਲਤ ਇਸਤੇਮਾਲ ਅਤੇ ਜ਼ਿੰਮੇਵਾਰੀ ਦੀ ਘਾਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਮੌਕੇ ਐੱਮਡੀਸੀਏ ਦੇ ਵਫ਼ਦ ਨੇ ਸੰਸਦ ਮੈਂਬਰ ਨੂੰ ਅਪੀਲ ਕੀਤੀ ਕਿ ਕੈਮਿਸਟ ਭਾਈਚਾਰੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਉੱਚ ਪੱਧਰ ’ਤੇ ਉਠਾਇਆ ਜਾਵੇ ਅਤੇ ਗ਼ੈਰ-ਕਾਨੂੰਨੀ ਆਨਲਾਈਨ ਦਵਾਈ ਵਿਕਰੀ ’ਤੇ ਸਖ਼ਤ ਨਿਯੰਤਰਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਕੈਮਿਸਟ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਸਬੰਧਤ ਅਧਿਕਾਰੀਆਂ ਅੱਗੇ ਉਠਾਇਆ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।