ਮੇਅਰ ਨੇ ਮੁਹਾਲੀ 3ਬੀ-2 ਮਾਰਕਿਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ
ਮੇਅਰ ਨੇ ਮੁਹਾਲੀ 3ਬੀ-2 ਮਾਰਕਿਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ
Publish Date: Tue, 16 Sep 2025 05:53 PM (IST)
Updated Date: Tue, 16 Sep 2025 05:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਫੇਜ਼ 3ਬੀ-2 ਦੀ ਮਾਰਕਿਟ ਵਿਚ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਮਾਰਕਿਟ ਦਾ ਦੌਰਾ ਕੀਤਾ। ਇਸ ਦੌਰਾਨ ਮਾਰਕਿਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਮੇਅਰ ਨੂੰ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਰਕਿਟ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਬਾਂਸਲ ਨੇ ਦੱਸਿਆ ਕਿ ਮਾਰਕਿਟ ਵਿਚ ਸਾਫ਼ ਸਫ਼ਾਈ ਦਾ ਬੁਰਾ ਹਾਲ ਹੈ। ਕਈ ਥਾਵਾਂ ਤੇ ਸੀਵਰੇਜ ਬੰਦ ਹੋਣ ਕਰਕੇ ਗੰਦਗੀ ਫੈਲ ਰਹੀ ਹੈ। ਭਾਰੀ ਬਰਸਾਤ ਹੋਣ ਕਾਰਨ ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੈ। ਕਈ ਮਹੀਨਿਆਂ ਤੋਂ ਮਾਰਕਿਟ ਦੀ ਸਾਫ਼ ਸਫ਼ਾਈ ਵੀ ਨਹੀਂ ਹੋਈ ਹੈ। ਜਿਸ ਦਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ਤੇ ਵੀ ਪੈਂਦਾ ਹੈ। ਇਸ ਤੋਂ ਇਲਾਵਾ ਮਾਰਕਿਟ ਵਿਚ ਨਾਜਾਇਜ਼ ਰੇਹੜੀਆਂ-ਫੜੀਆਂ ਵਾਲਿਆਂ ਦੀ ਗਿਣਤੀ ਵੀ ਵੱਧ ਗਈ ਹੈ। ਅਸ਼ੋਕ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਸਬੰਧੀ ਮੇਅਰ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਇਹ ਸਾਰੀਆਂ ਸਮੱਸਿਆਵਾਂ ਦੂਰ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਜਰਨਲ ਸਕੱਤਰ ਵਰੁਣ ਗੁਪਤਾ, ਵਾਇਸ ਪ੍ਰਧਾਨ ਨਵਦੀਪ ਬਾਂਸਲ ਅਤੇ ਖ਼ਜ਼ਾਨਚੀ ਜਤਿੰਦਰ ਢੀਂਗਰਾ ਤੇ ਮਾਰਕਿਟ ਦੇ ਹੋਰ ਦੁਕਾਨਦਾਰ ਵੀ ਮੌਜੂਦ ਸਨ।