ਚੰਡੀਗੜ੍ਹ 'ਚ ਚਮਨਪ੍ਰੀਤ ਹੱਤਿਆਕਾਂਡ ਦੀ ਮਾਸਟਰਮਾਈਂਡ ਗ੍ਰਿਫ਼ਤਾਰ, ਪ੍ਰਾਪਰਟੀ ਵਿਵਾਦ 'ਚ ਅਮਰੀਨ ਨੇ ਰਚੀ ਸੀ ਸਾਜ਼ਿਸ਼, ਗੈਂਗਸਟਰ ਨੂੰ ਦਿੱਤੀ ਸੀ ਸੁਪਾਰੀ
ਸ਼ਹਿਰ ਦੇ ਚਰਚਿਤ ਚਮਨਪ੍ਰੀਤ ਉਰਫ਼ ਚਿੰਨੀ ਕੁਬਾਹੇੜੀ ਕਤਲ ਕਾਂਡ ਵਿੱਚ ਦੋ ਮਹੀਨੇ ਬਾਅਦ ਵੱਡਾ ਮੋੜ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸੈਕਟਰ-35 ਦੀ ਰਹਿਣ ਵਾਲੀ ਅਮਰੀਨ ਰਾਏ ਨੂੰ ਗ੍ਰਿਫ਼ਤਾਰ ਕੀਤਾ ਹੈ।
Publish Date: Mon, 04 May 2026 08:29 PM (IST)
Updated Date: Mon, 04 May 2026 08:37 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੇ ਚਰਚਿਤ ਚਮਨਪ੍ਰੀਤ ਉਰਫ਼ ਚਿੰਨੀ ਕੁਬਾਹੇੜੀ ਕਤਲ ਕਾਂਡ ਵਿੱਚ ਦੋ ਮਹੀਨੇ ਬਾਅਦ ਵੱਡਾ ਮੋੜ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸੈਕਟਰ-35 ਦੀ ਰਹਿਣ ਵਾਲੀ ਅਮਰੀਨ ਰਾਏ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਅਮਰੀਨ ਹੀ ਇਸ ਹੱਤਿਆ ਦੀ ਮਾਸਟਰਮਾਈਂਡ ਹੈ।
ਪੁਲਿਸ ਅਨੁਸਾਰ ਅਮਰੀਨ, ਜੋ ਕਿ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ, ਨੇ ਚਮਨਪ੍ਰੀਤ ਸਿੰਘ ਉਰਫ ਚਿੰਨੀ ਕੁਬਾਹੇੜੀ ਨੂੰ ਰਾਹ ਤੋਂ ਹਟਾਉਣ ਲਈ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਨੂੰ ਸੁਪਾਰੀ ਦਿੱਤੀ ਸੀ। ਨਿਊ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਨੂੰ ਲੈ ਕੇ ਅਮਰੀਨ ਅਤੇ ਚਿੰਨੀ ਵਿਚਕਾਰ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।
ਇਸ ਰੰਜਿਸ਼ ਦੇ ਚਲਦੇ ਅਮਰੀਨ ਨੇ ਮਾਮਲਾ ਆਪਣੇ ਹੱਥ ਵਿੱਚ ਲਿਆ ਅਤੇ ਮੋਹਾਲੀ ਦੇ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਬੈਂਸ ਰਾਹੀਂ ਲੱਕੀ ਪਟਿਆਲ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ 18 ਮਾਰਚ ਨੂੰ ਗੈਂਗਸਟਰ ਵੱਲੋਂ ਭੇਜੇ ਗਏ ਦੋ ਸ਼ੂਟਰਾਂ ਨੇ ਸੈਕਟਰ-9 ਵਿੱਚ ਜਿਮ ਦੇ ਬਾਹਰ ਚਿੰਨੀ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਸੋਮਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਅਮਰੀਨ ਨੂੰ ਗ੍ਰਿਫ਼ਤਾਰ ਕਰਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੂਜੇ ਪਾਸੇ ਹਰਸ਼ਪ੍ਰੀਤ ਨੂੰ ਪੁਲਿਸ ਪਹਿਲਾਂ ਹੀ 29 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਅਮਰੀਨ ਦੀ ਭੂਮਿਕਾ ਸਾਹਮਣੇ ਆਈ। ਇਸ ਵੇਲੇ ਪੁਲਿਸ ਦੋਵੇਂ ਤੋਂ ਪੁੱਛਗਿੱਛ ਕਰ ਰਹੀ ਹੈ।