ਪ੍ਰਾਜੈਕਟ ਅੰਮ੍ਰਿਤ ਤਹਿਤ ਵਿਸ਼ਾਲ ਸਫ਼ਾਈ ਅਭਿਆਨ ਅੱਜ
‘ਪ੍ਰੋਜੈਕਟ ਅੰਮ੍ਰਿਤ’ ਤਹਿਤ ਵਿਸ਼ਾਲ ਸਫ਼ਾਈ ਅਭਿਆਨ ਅੱਜ
Publish Date: Sat, 21 Feb 2026 05:53 PM (IST)
Updated Date: Sat, 21 Feb 2026 05:55 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਦੀ ਰਹਿਨੁਮਾਈ ਹੇਠ ਅਤੇ ਸਤਿਗੁਰੂ ਬਾਬਾ ਹਰਦੇਵ ਸਿੰਘ ਦੀਆਂ ਸਿੱਖਿਆਵਾਂ ਨਾਲ ਪ੍ਰੇਰਿਤ ਸਵੱਛ ਜਲ ਸਵੱਛ ਮਨ ਦੇ ਨਾਅਰੇ ਨੂੰ ਸਾਰਥਕ ਕਰਨ ਲਈ ‘ਪ੍ਰਾਜੈਕਟ ਅੰਮ੍ਰਿਤ’ ਤਹਿਤ ਦੇਸ਼ ਵਿਆਪੀ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਡੇਰਾਬੱਸੀ ਵੱਲੋਂ ਵੀ ਵੱਡੇ ਪੱਧਰ ’ਤੇ ਅੱਜ 22 ਫਰਵਰੀ ਦਿਨ ਐਤਵਾਰ ਨੂੰ ਸਫ਼ਾਈ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ 22 ਫਰਵਰੀ ਸਵੇਰੇ 8:00 ਵਜੇ ਤੋਂ 11:00 ਵਜੇ ਤੱਕ ਡੇਰਾਬੱਸੀ ਨਜ਼ਦੀਕ ਪੈਂਦੇ ਘੱਗਰ ਦਰਿਆ ਦੀ ਸਫ਼ਾਈ ਕਰਨਾ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਅਭਿਆਨ ਦੌਰਾਨ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਸਫ਼ਾਈ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੇਰਾਬੱਸੀ ਬਰਾਂਚ ਦੇ ਕਨਵੀਨਰ ਸ਼੍ਰੀਮਤੀ ਗੁਰਚਰਨ ਕੌਰ ਨੇ ਦੱਸਿਆ ਕਿ ਜੇਕਰ ਸਾਡਾ ‘ਮਨ’ ਸਾਫ਼ ਹੋਵੇਗਾ ਤਾਂ ਹੀ ਉਹ ਆਪਣੇ ‘ਆਲੇ-ਦੁਆਲੇ’ ਅਤੇ ਕੁਦਰਤੀ ਸਰੋਤਾਂ ਨੂੰ ਸ਼ੁੱਧ ਰੱਖ ਸਕਾਂਗੇ। ਉਨ੍ਹਾਂ ਕਿਹਾ ਕਿ ਇਸ ਸੇਵਾ ਕਾਰਜ ਵਿਚ ਨਿਰੰਕਾਰੀ ਸੇਵਾਦਲ ਦੇ ਮੈਂਬਰ ਅਤੇ ਸਾਧ ਸੰਗਤ ਦੇ ਸ਼ਰਧਾਲੂ ਵਧ-ਚੜ੍ਹ ਕੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਮਿਸ਼ਨ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਤਤਪਰ ਰਹਿੰਦਾ ਹੈ। ਇਸ ਮੌਕੇ ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਪਾਣੀ ਦੀ ਬਰਬਾਦੀ ਰੋਕਣ ਦਾ ਸੰਦੇਸ਼ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ ਦੋਵੇਂ ਹੀ ਨੁਕਸਾਨਦੇਹ ਹਨ। ਮਨ ਦੀ ਸਫ਼ਾਈ ਭਗਤੀ ਨਾਲ ਅਤੇ ਵਾਤਾਵਰਨ ਦੀ ਸਫ਼ਾਈ ਸੇਵਾ ਨਾਲ ਹੀ ਸੰਭਵ ਹੈ। ਇਸ ਮੌਕੇ ਨਿੰਰਕਾਰੀ ਸੇਵਾਦਲ ਦੇ ਮੈਂਬਰਾਂ ਦੀ ਅਗਵਾਈ ਸੇਵਾਦਲ ਦੇ ਸੰਚਾਲਕ ਦਰਸ਼ਨ ਲਾਲ ਕਰਨਗੇ।