ਮਦਨਪੁਰਾ ਚੌਕ ਬਣਿਆ ਨਾਜਾਇਜ਼ ਫ਼ਰਨੀਚਰ ਮਾਰਕੀਟ
ਮਦਨਪੁਰਾ ਚੌਕ ਬਣਿਆ ਨਾਜਾਇਜ਼ ਫ਼ਰਨੀਚਰ ਮਾਰਕੀਟ
Publish Date: Tue, 03 Jun 2025 09:54 PM (IST)
Updated Date: Wed, 04 Jun 2025 04:11 AM (IST)
ਫੋਟੋ ਕੈਪਸ਼ਨ : ਨੌ ਵੈਂਡਿੰਗ ਜ਼ੋਨ ਮਦਨਪੁਰਾ ਚੌਕ ਵਿਖੇ ਲੱਗੀ ਨਾਜਾਇਜ਼ ਪੁਰਾਣੇ ਫ਼ਰਨੀਚਰ ਦੀ ਦੁਕਾਨ। 15ਪੀ
* ਕੌਂਸਲਰਾਂ ਸਮੇਤ ਨਿਗਮ ਵੀ ਖਾਮੋਸ਼, ਸ਼ਾਮ ਪੈਂਦਿਆਂ ਹੀ ਨੌ-ਵੈਂਡਿੰਗ ਜ਼ੋਨ 'ਚ ਲੱਗ ਜਾਂਦੇ ਨੇ ਫੁੱਟਪਾਥੀ ਬਾਜ਼ਾਰ
ਜੀਐੱਸ ਸੰਧੂ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਮੁਹਾਲੀ ਦੇ ਮਦਨਪੁਰਾ ਚੌਕ ’ਚ ਹਰ ਸ਼ਾਮ ਇਕ ਨਵੀਂ ਨਾਜਾਇਜ਼ ਮਾਰਕੀਟ ਸੱਜਦੀ ਹੈ। ਸਾਢੇ ਪੰਜ ਵਜੇ ਤੋਂ ਬਾਅਦ ਇਥੇ ਪੁਰਾਣੇ ਫ਼ਰਨੀਚਰ ਦੀਆਂ ਫੁੱਟਪਾਥੀ ਦੁਕਾਨਾਂ ਲਗ ਜਾਂਦੀਆਂ ਹਨ, ਜਿਨ੍ਹਾਂ ਦੀ ਨਾ ਤਾਂ ਕਿਸੇ ਤਹਿਬਾਜ਼ਾਰੀ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ ਅਤੇ ਨਾ ਹੀ ਕੋਈ ਕਿਰਾਇਆ ਜਾਂ ਟੈਕਸ ਨਗਰ ਨਿਗਮ ਨੂੰ ਦਿੱਤਾ ਜਾਂਦਾ ਹੈ। ਚੌਕ ਦੇ ਆਸ-ਪਾਸ ਦੇ ਘਰਾਂ ਦੇ ਪਿੱਛਲੇ ਹਿੱਸਿਆਂ ਤੋਂ ਲੈ ਕੇ ਸੜਕਾਂ ਤੇ ਫੁੱਟਪਾਥਾਂ ਤਕ ਇਹ ਨਾਜਾਇਜ਼ ਕਬਜ਼ੇ ਖੁੱਲ੍ਹੇਆਮ ਹੋ ਰਹੇ ਹਨ। ਇਨ੍ਹਾਂ ਦੁਕਾਨਾਂ ਦੇ ਨਾਲ-ਨਾਲ ਖੜ੍ਹੀਆਂ ਗੱਡੀਆਂ ਕਾਰਨ ਆਉਣ-ਜਾਣ ਵਾਲੀਆਂ ਸੜਕਾਂ 'ਤੇ ਟ੍ਰੈਫਿਕ ਜਾਮ ਆਮ ਹੋ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਜਦ ਵਾਰਡ ਨੰਬਰ 4 ਦੇ ਕੌਂਸਲਰ ਰਜਿੰਦਰ ਸਿੰਘ ਰਾਣਾ ਅਤੇ ਵਾਰਡ ਨੰਬਰ 5 ਦੀ ਕੌਂਸਲਰ ਰੁਪਿੰਦਰ ਕੌਰ ਰੀਨਾ ਨਾਲ ਗੱਲ ਕੀਤੀ ਗਈ ਤਾਂ ਦੋਵੇਂ ਹੀ ਬੇਬਸ ਦਿਖਾਈ ਦਿੱਤੇ। ਸਥਾਨਕ ਵਾਸੀਆਂ ਦਾ ਦੋਸ਼ ਹੈ ਕਿ ਇਨ੍ਹਾਂ ਕੌਂਸਲਰਾਂ ਨੇ ਵੋਟਾਂ ਦੀ ਰਾਜਨੀਤੀ ਵਿਚ ਫਸ ਕੇ ਨਾਜਾਇਜ਼ ਲਾਭ ਲੈ ਰਹੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਨਾਲ ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਵੀ ਚੁੱਪੀ ਸਾਧਿਆ ਹੋਇਆ ਹੈ, ਜਿਸ ਨਾਲ ਇਸ ਗ਼ੈਰ-ਕਾਨੂੰਨੀ ਗਤੀਵਿਧੀ ’ਤੇ ਨਿਗਰਾਨੀ ਦੀ ਥਾਂ ਸੰਦਗੀ ਹੋ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਰਿਹਾਇਸ਼ਾਂ ਅਤੇ ਫੁੱਟਪਾਥੀ ਮਾਰਕੀਟਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।