ਪਿਆਰ 'ਚ ਅੰਨ੍ਹੀ ਨਾਬਾਲਗ ਲੜਕੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਿਤਾ ਦੀ ਹੱਤਿਆ
ਪਿਆਰ 'ਚ ਅੰਨੀ ਨਾਬਾਲਗ ਲੜਕੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਿਤਾ ਦੀ ਹੱਤਿਆ
Publish Date: Tue, 05 May 2026 10:19 PM (IST)
Updated Date: Wed, 06 May 2026 04:18 AM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਪਿਆਰ ਵਿਚ ਅੰਨ੍ਹੀ ਨਾਬਾਲਗ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਪਤਨੀ ਰਾਜਵੰਤ ਕੌਰ ਖਾਨਪੁਰ ਨੇ ਦੱਸਿਆ ਕਿ ਉਨ੍ਹਾਂ ਦੀ 17 ਸਾਲਾ ਬੇਟੀ ਦਾਊਂ ਮਾਜਰਾ ਨਿਵਾਸੀ ਵਿਕਾਸ ਸ਼ਾਹ ਦੇ ਨਾਲ ਪ੍ਰੇਮ ਸਬੰਧ ’ਚ ਸੀ ਅਤੇ ਪਰਿਵਾਰ ਉੱਪਰ ਵਿਆਹ ਕਰਵਾਉਣ ਦਾ ਦਬਾਅ ਪਾ ਰਹੀ ਸੀ, ਜੋ ਕਿ ਉਸ ਦੇ ਪਿਤਾ ਗੁਰਸੇਵਕ ਸਿੰਘ ਆਪਣੀ ਲੜਕੀ ਦੇ ਨਾਬਾਲਿਗ ਹੋਣ ਕਾਰਨ ਇਸ ਰਿਸ਼ਤੇ ਖ਼ਿਲਾਫ਼ ਸਨ। ਇਸ ਕਾਰਨ ਘਰ ਵਿਚ ਹਮੇਸ਼ਾ ਝਗੜਾ ਰਹਿੰਦਾ ਸੀ ਤੇ ਲੜਕੀ ਨੇ ਪਰਿਵਾਰ ਨੂੰ ਕਈ ਵਾਰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਉਸ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਆਪਣੇ ਭਰਾ ਕੋਲ ਗਈ ਹੋਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ 2 ਮਈ ਨੂੰ ਘਰ ਵਾਪਸ ਆਈ ਤਾਂ ਉਸ ਦਾ ਪਤੀ ਘਰ ਨਹੀਂ ਮਿਲਿਆ, ਜਿਸ ਦੀ ਉਸ ਨੇ ਆਪਣੇ ਤੌਰ ’ਤੇ ਭਾਲ ਵੀ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਪਤੀ ਦੇ ਗਾਇਬ ਹੋਣ ਦੀ ਇਤਲਾਹ ਦਿੱਤੀ ਤੇ ਆਪਣਾ ਸ਼ੱਕ ਆਪਣੀ ਲੜਕੀ ਅਤੇ ਉਸ ਦੇ ਪ੍ਰੇਮੀ ਉੱਪਰ ਦੱਸਿਆ। ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਦੇ ਪ੍ਰੇਮੀ ਨੂੰ ਹਿਰਾਸਤ ’ਚ ਲਿਆ ਤੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਲੜਕੇ ਨੇ ਮੰਨਿਆ ਕਿ ਬੀਤੀ 1 ਮਈ ਨੂੰ ਲੜਕੀ ਨੇ ਆਪਣੇ ਢਿੱਡ ’ਚ ਦਰਦ ਹੋਣ ਦਾ ਬਹਾਨਾ ਮਾਰਿਆ ਅਤੇ ਪਿਤਾ ਨੂੰ ਆਪਣੇ ਨਾਲ ਘਰ ਤੋਂ ਬਾਹਰ ਲੈ ਆਈ। ਇਸ ਦੌਰਾਨ ਲੜਕੀ ਨੇ ਪ੍ਰੇਮੀ ਨੂੰ ਹਸਪਤਾਲ ਲਿਜਾਉਣ ਲਈ ਵੀ ਸੱਦ ਲਿਆ। ਇਸ ਤੋਂ ਬਾਅਦ ਦੋਵੇਂ ਜਣੇ ਪਿਤਾ ਗੁਰਸੇਵਕ ਨੂੰ ਗੱਡੀ ’ਚ ਬਿਠਾ ਕੇ ਮੋਰਿੰਡੇ ਸਾਈਡ ਵੱਲ ਲੈ ਗਏ। ਇਸ ਦੌਰਾਨ ਦੋਵਾਂ ਨੇ ਗੱਲਾਂ ’ਚ ਉਲਝਾ ਕੇ ਮੋਰਿੰਡੇ ਲਾਗੇ ਨਹਿਰ ’ਤੇ ਲਿਜਾ ਕੇ ਤੇਜ਼ਧਾਰ ਹਥਿਆਰ ਨਾਲ ਪਿਤਾ ਦੇ ਗਲੇ ਨੂੰ ਵੱਢ ਦਿੱਤਾ ਤੇ ਸਬੂਤ ਛੁਪਾਉਣ ਲਈ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ। ਐੱਸਐੱਚਓ ਅਮਰਿੰਦਰ ਸਿੰਘ ਅਨੁਸਾਰ ਨਾਬਾਲਿਗ ਲੜਕੀ ਤੇ ਉਸ ਦੇ ਪ੍ਰੇਮੀ ਨੇ ਆਪਣਾ ਜੁਰਮ ਕਬੂਲ ਲਿਆ ਹੈ, ਜਿਸ ਉਪਰੰਤ ਨਾਬਾਲਗ ਲੜਕੀ ਨੂੰ ਜੂਵੇਲਾਈਨ ਭੇਜ ਦਿੱਤਾ ਗਿਆ ਤੇ ਉਸਦਾ ਪ੍ਰੇਮੀ ਰਿਮਾਂਡ ਤੇ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।