ਮਾਪਿਆਂ ਦੀ ਇਕਲੌਤੀ ਧੀ ਕੰਵਲਨੈਨ ਕੌਰ ਨੇ ਦਸਵੀਂ ਵਿਚ ਗੱਡੇ ਝੰਡੇ,

- ਦਿਲ ਦੀ ਸਰਜਨ ਬਣ ਕੇ ਕਰਨਾ ਚਾਹੁੰਦੀ ਹੈ ਲੋਕਾਂ ਦੀ ਸੇਵਾ : ਕੰਵਲਨੈਨ ਕੌਰ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚ ਮੁਹਾਲੀ ਦੀ ਕੰਵਲਨੈਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਹਾਲੀ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ‘ਸਕੂਲ ਆਫ਼ ਐਮੀਨੈਂਸ’ ਫੇਜ਼-3ਬੀ1 ਦੀ ਵਿਦਿਆਰਥਣ ਕੰਵਲਨੈਨ ਪੁੱਤਰੀ ਰਮਨਜੀਤ ਸਿੰਘ ਨੇ 650 ’ਚੋਂ 634 ਨੰਬਰ (97.5 ਫ਼ੀਸਦੀ) ਹਾਸਲ ਕਰ ਕੇ ਮੁਹਾਲੀ ਜ਼ਿਲ੍ਹੇ ਵਿਚ ਪਹਿਲਾ ਸਥਾਨ ਮੱਲ੍ਹਿਆ ਹੈ। ਪੰਜਾਬ ਦੀ ਮੈਰਿਟ ਵਿਚ ਉਸ ਦਾ 11ਵਾਂ ਰੈਂਕ ਹੈ। ਹੈਂਡਰਸਨ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਪ੍ਰਿਆ ਪੁੱਤਰੀ ਬਿਰੇਂਦਰ ਕੁਮਾਰ ਨੇ 628 ਨੰਬਰ (96.62 ਫ਼ੀਸਦੀ) ਨਾਲ ਮੁਹਾਲੀ ਜ਼ਿਲ੍ਹੇ ਵਿਚ ਦੂਜਾ ਅਤੇ ਪੰਜਾਬ ਦੀ ਮੈਰਿਟ ਵਿਚ 17ਵਾਂ ਰੈਂਕ ਹਾਸਲ ਕੀਤਾ ਹੈ। ਇੰਝ ਹੀ ਮਾਊਂਟ ਵਿਊ ਪਬਲਿਕ ਸਕੂਲ, ਬਲਟਾਣਾ (ਜ਼ੀਰਕਪੁਰ) ਦੇ ਅਥਰਵ ਨੇ 626 ਨੰਬਰ (96.31 ਫ਼ੀਸਦੀ) ਲੈ ਕੇ ਮੁਹਾਲੀ ਜ਼ਿਲ੍ਹੇ ਵਿਚ ਤੀਜਾ ਅਤੇ ਪੰਜਾਬ ਦੀ ਮੈਰਿਟ ਵਿਚ 19ਵਾਂ ਰੈਂਕ ਪ੍ਰਾਪਤ ਕੀਤਾ ਹੈ।
ਨਤੀਜਾ ਐਲਾਨੇ ਜਾਣ ਤੋਂ ਬਾਅਦ ਸਕੂਲਾਂ ਅਤੇ ਪਰਿਵਾਰਾਂ ਵਿਚ ਖੁਸ਼ੀ ਦੀ ਲਹਿਰ ਹੈ। ਅਧਿਆਪਕਾਂ ਅਤੇ ਰਿਸ਼ਤੇਦਾਰਾਂ ਨੇ ਮਠਿਆਈ ਵੰਡ ਕੇ ਇਸ ਸਫ਼ਲਤਾ ਦਾ ਜਸ਼ਨ ਮਨਾਇਆ। ਮੁਹਾਲੀ ਦੇ ਸੈਕਟਰ-71 ਦੀ ਰਹਿਣ ਵਾਲੀ ਕੰਵਲਨੈਨ ਕੌਰ ਦੇ ਪਿਤਾ ਰਮਨਜੀਤ ਸਿੰਘ ਇਕ ਕਾਰੋਬਾਰੀ ਹਨ ਅਤੇ ਮਾਤਾ ਅਧਿਆਪਕਾ ਹਨ। ਮਾਪਿਆਂ ਦੀ ਇਕਲੌਤੀ ਧੀ ਹੋਣ ਦੇ ਨਾਤੇ ਕੰਵਲਨੈਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਅਗਵਾਈ ਨੂੰ ਦਿੱਤਾ ਹੈ। ਕੰਵਲਨੈਨ ਨੇ ਆਪਣੀ ਰਣਨੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਮ ਦਿਨਾਂ ਵਿਚ ਰੋਜ਼ਾਨਾ 6 ਤੋਂ 7 ਘੰਟੇ ਪੜ੍ਹਦੀ ਸੀ। ਪੇਪਰਾਂ ਦੇ ਦਿਨਾਂ ਵਿਚ ਉਸ ਨੇ ਪੜ੍ਹਾਈ ਦਾ ਸਮਾਂ ਵਧਾ ਕੇ 10 ਤੋਂ 11 ਘੰਟੇ ਕਰ ਦਿੱਤਾ ਸੀ। ਔਖੇ ਵਿਸ਼ਿਆਂ ਨੂੰ ਉਹ ਲਿਖ-ਲਿਖ ਕੇ ਯਾਦ ਕਰਦੀ ਸੀ ਅਤੇ ਵਾਰ-ਵਾਰ ਦੁਹਰਾਈ ਕਰਨਾ ਉਸ ਦੀ ਤਿਆਰੀ ਦਾ ਅਹਿਮ ਹਿੱਸਾ ਰਿਹਾ ਹੈ।
ਆਪਣੇ ਸੁਪਨਿਆਂ ਬਾਰੇ ਗੱਲ ਕਰਦਿਆਂ ਕੰਵਲਨੈਨ ਨੇ ਕਿਹਾ ਕਿ ਉਹ ਭਵਿੱਖ ਵਿਚ ਇਕ ਹਾਰਟ ਸਰਜਨ (ਦਿਲ ਦੀ ਮਾਹਰ ਡਾਕਟਰ) ਬਣਨਾ ਚਾਹੁੰਦੀ ਹੈ ਤਾਂ ਜੋ ਉਹ ਗ਼ਰੀਬ ਅਤੇ ਲੋੜਵੰਦ ਲੋਕਾਂ ਦਾ ਇਲਾਜ ਕਰ ਕੇ ਸਮਾਜ ਦੀ ਸੇਵਾ ਕਰ ਸਕੇ। ਸਕੂਲ ਅਨੁਸਾਰ ਕੰਵਲਨੈਨ ਦੀ ਇਹ ਮਿਹਨਤ ਬਾਕੀ ਵਿਦਿਆਰਥੀਆਂ ਲਈ ਇਕ ਵੱਡੀ ਪ੍ਰੇਰਨਾ ਬਣੇਗੀ।
ਪੜ੍ਹਾਈ ਦੇ ਨਾਲ-ਨਾਲ ਕੰਵਲਨੈਨ ਹੋਰ ਸਰਗਰਮੀਆਂ ਵਿਚ ਵੀ ਮੋਹਰੀ ਹੈ। ਉਹ ਐਥਲੈਟਿਕਸ ਵਿਚ ਸ਼ਾਟਪੁੱਟ ਦੀ ਸੂਬਾ ਪੱਧਰੀ ਖਿਡਾਰਨ ਰਹਿ ਚੁੱਕੀ ਹੈ। ਉਸ ਨੂੰ ਗਾਇਕੀ ਦਾ ਬਹੁਤ ਸ਼ੌਕ ਹੈ। ਉਸ ਦੀ ਚੋਣ ਨੈਸ਼ਨਲ ਸਾਇੰਸ ਸੈਮੀਨਾਰ ਲਈ ਵੀ ਹੋਈ ਹੈ, ਜੋ ਉਸ ਦੀ ਵਿਗਿਆਨਕ ਸੋਚ ਨੂੰ ਦਰਸਾਉਂਦਾ ਹੈ।