ਨਗਰ ਕੌਂਸਲ ਦੇ ਨੋਟਿਸਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਉਸਾਰੀ ਜਾਰੀ
ਨਗਰ ਕੌਂਸਲ ਦੇ ਨੋਟਿਸਾਂ ਨੂੰ ਛਿੱਕੇ ਟੰਗ ਕੇ ਨਾਜਾਇਜ਼ ਉਸਾਰੀ ਜਾਰੀ
Publish Date: Tue, 31 Mar 2026 09:53 PM (IST)
Updated Date: Wed, 01 Apr 2026 04:20 AM (IST)

ਪ੍ਰਸ਼ਾਸਨਿਕ ਅਧਿਕਾਰੀ ਬੇਵੱਸ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੇ ਅਧੀਨ ਪੈਂਦੇ ਪਿੰਡ ਮੀਰਪੁਰ ਦੇ ਰਾਮਦਾਸੀਆ ਮੁਹੱਲੇ ਵਿਚ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਨਾਜਾਇਜ਼ ਉਸਾਰੀ ਦਾ ਮਾਮਲਾ ਗਰਮਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਵੱਲੋਂ ਰਸਮੀ ਤੌਰ ਤੇ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਉਸਾਰੀ ਦਾ ਕੰਮ ਬੇਰੋਕ-ਟੋਕ ਜਾਰੀ ਹੈ, ਜਿਸ ਕਾਰਨ ਕੌਂਸਲ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਵੱਲੋਂ ਇਕ ਸ਼ਿਕਾਇਤ ਸੁਖਵਿੰਦਰ ਸਿੰਘ ਉਰਫ਼ ਪੱਪੂ ਵਾਸੀ ਰਾਮਦਾਸੀਆ ਮੁਹੱਲਾ ਮੀਰਪੁਰ ਦੇ ਖ਼ਿਲਾਫ਼ ਨਗਰ ਕੌਂਸਲ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਉਨ੍ਹਾਂ ਵੱਲੋਂ ਦੱਸਿਆ ਸੀ ਕਿ ਰਾਮਦਾਸੀਆ ਮੁਹੱਲੇ ਵਿਚ ਕੀਤੀ ਜਾ ਰਹੀ ਇਸ ਉਸਾਰੀ ਲਈ ਨਾ ਤਾਂ ਕੋਈ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਨਗਰ ਕੌਂਸਲ ਤੋਂ ਕੋਈ ਲੋੜੀਂਦੀ ਮਨਜ਼ੂਰੀ ਲਈ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਸਾਰੀ ਕਰਨ ਵਾਲੇ ਵਿਅਕਤੀ ਪ੍ਰਸ਼ਾਸਨਿਕ ਨਿਯਮਾਂ ਨੂੰ ਅਣਗੌਲਿਆ ਕਰਕੇ ਆਪਣੀ ਮਨਮਰਜ਼ੀ ਕਰ ਰਹੇ ਹਨ। ਨਗਰ ਕੌਂਸਲ ਵੱਲੋਂ ਇਸ ਨਾਜਾਇਜ਼ ਉਸਾਰੀ ਨੂੰ ਰੋਕਣ ਲਈ ਨੋਟਿਸ ਭੇਜ ਕੇ ਕਾਰਵਾਈ ਦੀ ਗੱਲ ਕਹੀ ਗਈ ਸੀ, ਪਰ ਜ਼ਮੀਨੀ ਪੱਧਰ ਤੇ ਇਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਕੰਮ ਦਾ ਲਗਾਤਾਰ ਜਾਰੀ ਰਹਿਣਾ ਇਹ ਸਿੱਧ ਕਰਦਾ ਹੈ ਕਿ ਉਸਾਰੀ ਕਰਨ ਵਾਲਿਆਂ ਦੇ ਮਨ ਵਿਚ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਦੂਜੇ ਪਾਸੇ, ਨਗਰ ਕੌਂਸਲ ਦੇ ਅਧਿਕਾਰੀ ਇਸ ਮਾਮਲੇ ਵਿਚ ਬੇਵੱਸ ਨਜ਼ਰ ਆ ਰਹੇ ਹਨ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਾਕਸ-- ਲੋਕਾਂ ਦੀ ਮੰਗ : ਇਲਾਕਾ ਨਿਵਾਸੀਆਂ ਸਮੇਤ ਐਡਵੋਕੇਟ ਹਰਪ੍ਰੀਤ ਸਿੰਘ ਸੈਣੀ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਨਾਜਾਇਜ਼ ਉਸਾਰੀ ਨੂੰ ਤੁਰੰਤ ਰੁਕਵਾਇਆ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਡੇਰਾਬੱਸੀ ਇਸ ਮਾਮਲੇ ਵਿਚ ਕੋਈ ਠੋਸ ਕਦਮ ਚੁੱਕਦੀ ਹੈ ਜਾਂ ਫਿਰ ਇਹ ਨਾਜਾਇਜ਼ ਉਸਾਰੀ ਇਸੇ ਤਰ੍ਹਾਂ ਚਲਦੀ ਰਹੇਗੀ।