ਨਕਲੀ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ
ਨਕਲੀ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ
Publish Date: Mon, 04 May 2026 10:03 PM (IST)
Updated Date: Mon, 04 May 2026 10:05 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਵੀਆਈਪੀ ਰੋਡ ਸਥਿਤ ਸੀਸੀਸੀ ਕੰਪਲੈਕਸ ਵਿਚ ਚੱਲ ਰਹੇ ਨਕਲੀ ਸ਼ਰਾਬ ਦੇ ਕਾਰੋਬਾਰ ’ਤੇ ਸ਼ਿਕੰਜਾ ਕੱਸਦਿਆਂ ਆਬਕਾਰੀ ਵਿਭਾਗ ਅਤੇ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਭਾਗ ਵੱਲੋਂ ਦੋ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕੁੱਲ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਸੋਮਵਾਰ ਨੂੰ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਸ ਨੈੱਟਵਰਕ ਦੀਆਂ ਡੂੰਘੀਆਂ ਜੜ੍ਹਾਂ ਤੱਕ ਪਹੁੰਚਿਆ ਜਾ ਸਕੇ। ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਪਹਿਲੀ ਕਾਰਵਾਈ ਦੌਰਾਨ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ। ਇਹ ਮੁਲਜ਼ਮ ਨਾਮੀ ਵਿਦੇਸ਼ੀ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿਚ ਸਸਤੀ ਸ਼ਰਾਬ ਭਰ ਕੇ ਉਨ੍ਹਾਂ ਨੂੰ ਮਹਿੰਗੇ ਭਾਅ ’ਤੇ ਵੇਚਣ ਦਾ ਧੰਦਾ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਧੋਖਾਧੜੀ ਅਤੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦੂਜੀ ਵੱਡੀ ਕਾਰਵਾਈ ਸੀਸੀਸੀ ਕੰਪਲੈਕਸ ਦੇ ਐੱਫ਼-ਬਲਾਕ ਦੀ 6ਵੀਂ ਮੰਜ਼ਿਲ ਤੇ ਸਥਿਤ ਫਲੈਟ ਨੰ. ਐੱਸਆਰ-19 ਵਿਚ ਕੀਤੀ ਗਈ। ਇੱਥੇ ਛਾਪੇਮਾਰੀ ਦੌਰਾਨ ਰਾਜ ਕੁਮਾਰ, ਨਿਸ਼ਾਂਤ, ਅਮਨ ਅਤੇ ਆਸ਼ੀਸ਼ ਨਾਮਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਲੈਟ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।