ਗੱਡੀ ਦੀ ਪਾਰਕਿੰਗ ਦੇ ਝਗੜੇ ਦਾ ਖ਼ੌਫ਼ਨਾਕ ਅੰਤ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪੀੜਤ ਪਰਿਵਾਰ ਨੇ ‘ਆਪ’ ਉਮੀਦਵਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
ਮੁਹਾਲੀ ਦੇ ਫੇਜ਼-4 ਵਿੱਚ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਇਕ ਝਗੜੇ ਤੋਂ ਬਾਅਦ, ਫ਼ਾਜ਼ਿਲਕਾ ਦੇ ਰਹਿਣ ਵਾਲੇ ਇਕ ਨੌਜਵਾਨ ਪਵਨ ਕੁਮਾਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਕਾਰਨ ਨਗਰ ਨਿਗਮ ਚੋਣਾਂ ਦੇ ਦਿਨਾਂ ਵਿਚ ਇਹ ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ ਧਾਰਨ ਕਰ ਗਿਆ ਹੈ।
Publish Date: Sat, 23 May 2026 12:26 PM (IST)
Updated Date: Sat, 23 May 2026 12:34 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਫੇਜ਼-4 ਵਿੱਚ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਇਕ ਝਗੜੇ ਤੋਂ ਬਾਅਦ, ਫ਼ਾਜ਼ਿਲਕਾ ਦੇ ਰਹਿਣ ਵਾਲੇ ਇਕ ਨੌਜਵਾਨ ਪਵਨ ਕੁਮਾਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੀੜਤ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਕਾਰਨ ਨਗਰ ਨਿਗਮ ਚੋਣਾਂ ਦੇ ਦਿਨਾਂ ਵਿਚ ਇਹ ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ ਧਾਰਨ ਕਰ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-4 ਦੇ ਇਕ ਮਕਾਨ ਵਿਚ ਫ਼ਾਜ਼ਿਲਕਾ ਦੇ ਦੋ ਨੌਜਵਾਨ (ਪਵਨ ਕੁਮਾਰ ਅਤੇ ਮਾਧਵ) ਕਿਰਾਏ 'ਤੇ ਰਹਿੰਦੇ ਸਨ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਗੁਆਂਢੀਆਂ ਨਾਲ ਘਰ ਦੇ ਨੇੜੇ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਮਾਧਵ ਅਨੁਸਾਰ, ਸੋਮਵਾਰ ਨੂੰ ਵੀ ਪਾਰਕਿੰਗ ਦੇ ਮੁੱਦੇ 'ਤੇ ਗੁਆਂਢੀਆਂ ਨਾਲ ਬਹਿਸ ਹੋਈ, ਜਿਸ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸੇ ਦੌਰਾਨ ਮੌਕੇ 'ਤੇ ਪਹੁੰਚੇ 'ਆਪ' ਉਮੀਦਵਾਰ ਗੁਰਮੁਖ ਸਿੰਘ ਸੋਹਲ ਨੇ ਪੁਲਿਸ ਬੁਲਾ ਕੇ ਉਨ੍ਹਾਂ ਨੂੰ ਅੰਦਰ ਕਰਵਾਉਣ ਦੀ ਧਮਕੀ ਦਿੱਤੀ।
ਅਗਲੇ ਦਿਨ ਦੋਵਾਂ ਨੌਜਵਾਨਾਂ ਨੂੰ ਥਾਣਾ ਫੇਜ਼-1 ਦੀ ਪੁਲਿਸ ਵੱਲੋਂ ਸੱਦਿਆ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਥਾਣੇ ਵਿਚ ਗੁਰਮੁਖ ਸਿੰਘ ਸੋਹਲ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੇਇੱਜ਼ਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦਬਾਅ ਹੇਠ ਉਨ੍ਹਾਂ ਤੋਂ ਸਮਝੌਤਾ ਲਿਖਵਾ ਲਿਆ ਗਿਆ। ਇਸ ਤੋਂ ਤੰਗ ਆ ਕੇ ਪਵਨ ਕੁਮਾਰ ਨੇ ਦੇਰ ਰਾਤ ਆਪਣੇ ਪਿਤਾ ਨੂੰ ਫ਼ੋਨ 'ਤੇ ਸਾਰੀ ਗੱਲ ਦੱਸੀ ਅਤੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਪਰਿਵਾਰ ਦਾ ਪ੍ਰਦਰਸ਼ਨ ਅਤੇ ਸਿਆਸੀ ਪਾਰਟੀਆਂ ਦਾ ਸਮਰਥਨ
ਨੌਜਵਾਨ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਨਗਰ ਨਿਗਮ ਚੋਣਾਂ ਦਾ ਮਾਹੌਲ ਹੋਣ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਵੀ ਪੀੜਤ ਪਰਿਵਾਰ ਦੇ ਹੱਕ ਵਿਚ ਧਰਨੇ 'ਤੇ ਬੈਠ ਗਏ ਹਨ।
ਮੁਹਾਲੀ ਦੇ ਡੀ.ਐੱਸ.ਪੀ. ਗੁਰਚਰਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਦੇਰ ਸ਼ਾਮ ਕੇਸ ਦਰਜ ਕਰ ਲਿਆ ਗਿਆ ਹੈ।
ਗੁਰਮੁਖ ਸਿੰਘ ਸੋਹਲ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ, 'ਆਪ' ਉਮੀਦਵਾਰ ਗੁਰਮੁਖ ਸਿੰਘ ਸੋਹਲ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਗੁਆਂਢੀਆਂ ਵਿਚਕਾਰ ਪਾਰਕਿੰਗ ਦੇ ਝਗੜੇ ਦਾ ਸੀ, ਜਿਸ ਵਿਚ ਉਨ੍ਹਾਂ ਨੇ ਸਿਰਫ਼ ਪੁਲਿਸ ਨੂੰ ਸੂਚਿਤ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਦਿਨ ਦੋਵਾਂ ਧਿਰਾਂ ਨੇ ਥਾਣੇ ਵਿਚ ਆਪਸੀ ਸਹਿਮਤੀ ਨਾਲ ਲਿਖਤੀ ਮਾਫ਼ੀ ਮੰਗ ਕੇ ਮਾਮਲਾ ਖ਼ਤਮ ਕਰ ਲਿਆ ਸੀ ਅਤੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਕਿਸੇ ਨਾਲ ਕੋਈ ਬਹਿਸ ਨਹੀਂ ਹੋਈ ਸੀ।