ਸਰਕਾਰੀ ਖੰਭਿਆਂ ’ਤੇ ‘ਆਪ’ ਉਮੀਦਵਾਰ ਦੇ ਹੋਰਡਿੰਗ ਲੱਗੇ, ਚੋਣ ਜ਼ਾਬਤੇ ਦੀਆਂ ਉੱਡੀਆਂ ਧੱਜੀਆਂ
ਸਰਕਾਰੀ ਖੰਭਿਆਂ 'ਤੇ 'ਆਪ' ਉਮੀਦਵਾਰ ਦੇ ਹੋਰਡਿੰਗ ਲੱਗੇ, ਚੋਣ ਜ਼ਾਬਤੇ ਦੀਆਂ ਉੱਡੀਆਂ ਧੱਜੀਆਂ
Publish Date: Mon, 18 May 2026 07:48 PM (IST)
Updated Date: Mon, 18 May 2026 07:51 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਹਲਕੇ ਵਿਚ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੀਆਂ ਮੁਬਾਰਕਪੁਰ ਵਿਖੇ ਸ਼ਰੇਆਮ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਜਲੀ ਦੇ ਸਰਕਾਰੀ ਖੰਭਿਆਂ ’ਤੇ ਆਪਣੇ ਚੋਣ ਪ੍ਰਚਾਰ ਦੇ ਹੋਰਡਿੰਗ ਅਤੇ ਬੋਰਡ ਲਗਾ ਦਿੱਤੇ ਗਏ ਹਨ। ਸਥਾਨਕ ਲੋਕਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਨਿਯਮਾਂ ਅਨੁਸਾਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਸਰਕਾਰੀ ਸੰਪਤੀ, ਜਿਵੇਂ ਕਿ ਬਿਜਲੀ ਦੇ ਖੰਭੇ, ਸਰਕਾਰੀ ਇਮਾਰਤਾਂ ਜਾਂ ਸੜਕਾਂ ਦੇ ਕਿਨਾਰੇ ਲੱਗੇ ਸਰਕਾਰੀ ਬੋਰਡਾਂ ’ਤੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਪ੍ਰਚਾਰ ਸਮੱਗਰੀ ਲਗਾਉਣਾ ਸਖ਼ਤ ਮਨ੍ਹਾ ਹੈ। ਇਸ ਦੇ ਬਾਵਜੂਦ ਮੁਬਾਰਕਪੁਰ ਦੇ ਮੁੱਖ ਬਾਜ਼ਾਰਾਂ ਅਤੇ ਵੱਖ-ਵੱਖ ਸੜਕਾਂ ’ਤੇ ਲੱਗੇ ਬਿਜਲੀ ਦੇ ਖੰਭੇ ‘ਆਪ’ ਉਮੀਦਵਾਰ ਦੇ ਪੋਸਟਰਾਂ ਨਾਲ ਰੰਗੇ ਹੋਏ ਦਿਖਾਈ ਦੇ ਰਹੇ ਹਨ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪ੍ਰਸ਼ਾਸਨ ਦੀ ਨੱਕ ਹੇਠ ਹੋ ਰਿਹਾ ਹੈ, ਪਰ ਸਬੰਧਿਤ ਸਰਕਾਰੀ ਅਧਿਕਾਰੀ ਅਤੇ ਚੋਣ ਵਿਭਾਗ ਦੇ ਮੁਲਾਜ਼ਮ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਇਹ ਚੁੱਪ ਸਵਾਲ ਖੜ੍ਹੇ ਕਰਦੀ ਹੈ ਕਿ ਕੀ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਨਿਯਮਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਇਸ ਉਲੰਘਣਾ ਨੂੰ ਲੈ ਕੇ ਇਲਾਕਾ ਵਾਸੀਆਂ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ। ਸਰਕਾਰੀ ਖੰਭਿਆਂ ਤੋਂ ਇਹ ਨਾਜਾਇਜ਼ ਹੋਰਡਿੰਗ ਬੋਰਡ ਤੁਰੰਤ ਹਟਾਏ ਜਾਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਚੋਣਾਂ ਬਿਨਾਂ ਕਿਸੇ ਪੱਖਪਾਤ ਦੇ ਨਿਰਪੱਖ ਤਰੀਕੇ ਨਾਲ ਨੇਪਰੇ ਚੜ੍ਹ ਸਕਣ।