ਹਿਮਾਚਲ ਪ੍ਰਦੇਸ਼ ਦੇ ਰਾਮਪੁਰ ਰਾਜਘਰਾਣੇ ਦੇ ਵਾਰਸ ਤੇ ਪੀਡਬਲਯੂਡੀ ਮੰਤਰੀ ਵਿਕਰਮਾਦਿਤਿਆ ਸਿੰਘ ਤੇ ਚੰਡੀਗੜ੍ਹ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਬੰਧਨ ’ਚ ਬੱਝ ਗਏ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਤੇ ਚੰਡੀਗੜ੍ਹ ਵਾਸੀ ਉਪਿੰਦਰ ਕੌਰ ਤੇ ਜੋਤਿੰਦਰ ਸਿੰਘ ਸੇਖੋਂ ਦੀ ਧੀ ਅਮਰੀਨ ਦਾ ਇਹ ਵਿਆਹ ਸਿੱਖ ਰਹੁ ਰੀਤਾਂ ਮੁਤਾਬਕ ਹੋਇਆ।
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਰਾਮਪੁਰ ਰਾਜਘਰਾਣੇ ਦੇ ਵਾਰਸ ਤੇ ਪੀਡਬਲਯੂਡੀ ਮੰਤਰੀ ਵਿਕਰਮਾਦਿਤਿਆ ਸਿੰਘ ਤੇ ਚੰਡੀਗੜ੍ਹ ਦੀ ਡਾ. ਅਮਰੀਨ ਕੌਰ ਸੋਮਵਾਰ ਨੂੰ ਵਿਆਹ ਬੰਧਨ ’ਚ ਬੱਝ ਗਏ। ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਤੇ ਚੰਡੀਗੜ੍ਹ ਵਾਸੀ ਉਪਿੰਦਰ ਕੌਰ ਤੇ ਜੋਤਿੰਦਰ ਸਿੰਘ ਸੇਖੋਂ ਦੀ ਧੀ ਅਮਰੀਨ ਦਾ ਇਹ ਵਿਆਹ ਸਿੱਖ ਰਹੁ ਰੀਤਾਂ ਮੁਤਾਬਕ ਹੋਇਆ।
ਚੰਡੀਗੜ੍ਹ ਦੇ ਸੈਕਟਰ-11 ਸਥਿਤ ਗੁਰਦੁਆਰਾ ਸਾਹਿਬ ’ਚ ਪਰਿਵਾਰਕ ਮੈਂਬਰਾਂ ਤੇ ਕੁਝ ਖ਼ਾਸ ਮਹਿਮਾਨਾਂ ਦੀ ਹਾਜ਼ਰੀ ’ਚ ਉਨ੍ਹਾਂ ਦਾ ਅਨੰਦ ਕਾਰਜ ਹੋਇਆ। ਅੰਗ੍ਰੇਜ਼ੀ ਤੇ ਮਨੋਵਿਗਿਆਨ ’ਚ ਮਾਸਟਰ ਡਿਗਰੀ ਦੇ ਨਾਲ-ਨਾਲ ਮਨੋਵਿਗਿਆਨ ’ਚ ਪੀਐਚਡੀ ਡਾ. ਅਮਰੀਨ ਸੇਖੋਂ ਪੰਜਾਬ ਯੂਨੀਵਰਸਿਟੀ ’ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਵਿਕਰਮਾਦਿੱਤਿਆ ਦਾ ਇਹ ਦੂਜਾ ਵਿਆਹ ਹੈ।
ਉਨ੍ਹਾਂ ਦਾ ਪਹਿਲਾ ਵਿਆਹ 2019 ’ਚ ਰਾਜਸਥਾਨ ਦੀ ਸੁਦਰਸ਼ਨਾ ਨਾਲ ਹੋਇਆ ਸੀ। ਦੋਵਾਂ ਦਾ ਨਵੰਬਰ 2024 ’ਚ ਤਲਾਕ ਹੋ ਗਿਆ ਸੀ। ਵਿਆਹ ਸਮਾਰੋਹ ’ਚ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਚੰਡੀਗੜ੍ਹ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾ, ਮਨੀਸ਼ ਤਿਵਾੜੀ, ਪਵਨ ਬਾਂਸਲ, ਵਿਜੇਂਦਰ ਸਿੰਗਲਾ, ਟੀਐੱਸ ਸਿੰਘ ਦੇਵ, ਕਾਂਗਰਸ ਦੇ ਇੰਚਾਰਜ ਰਜਨੀ ਪਾਟਿਲ, ਸਾਬਕਾ ਇੰਚਾਰਜ ਰਾਜੀਵ ਸ਼ੁਕਲਾ, ਆਸ਼ਾ ਕੁਮਾਰੀ, ਆਰਐੱਸ ਬਾਲੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਨੇਤਾ ਸ਼ਾਮਿਲ ਹੋਏ।
ਹੁਣ 24 ਸਤੰਬਰ ਨੂੰ ਰਾਜਧਾਨੀ ਸ਼ਿਮਲਾ ਦੇ ਹੋਟਲ ਮਰੀਨਾ ’ਚ ਰਿਸੈਪਸ਼ਨ ਹੋਵੇਗੀ, ਜਿਸ ’ਚ ਮੰਤਰੀ, ਵਿਧਾਇਕ ਤੇ ਅਧਿਕਾਰੀ ਸ਼ਾਮਿਲ ਹੋਣਗੇ। ਅਸ਼ਟਮੀ ਦੇ ਦਿਨ ਵਿਕਰਮਾਦਿੱਤਿਆ ਸਿੰਘ ਨਵੀਂ ਵਹੁਟੀ ਨਾਲ ਰਾਮਪੁਰ ਸਥਿਤ ਪਦਮ ਪੈਲੇਸ ਜਾਣਗੇ। ਇਸ ਦਿਨ ਉਹ ਭੀਮਾ ਕਾਲੀ ਮੰਦਿਰ ’ਚ ਪੂਜਾ-ਅਰਚਨਾ ਵੀ ਕਰਨਗੇ।
ਅਨੰਦ ਕਾਰਜ ਹੀ ਕਿਉਂ
ਜਾਗਰਣ ਨੇ ਫੋਨ ’ਤੇ ਜਦੋਂ ਵਿਕਰਮਾਦਿੱਤਿਆ ਨੂੰ ਇਹ ਪੁੱਛਿਆ ਕਿ ਉਨ੍ਹਾਂ ਨੇ ਸਿੱਖ ਰਹੁ ਰੀਤਾਂ ਮੁਤਾਬਕ ਵਿਆਹ ਕਿਉੰ ਕਰਵਾਇਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ (ਅਮਰੀਨ ਤੇ ਪਰਿਵਾਰ) ਦੀ ਇਹੀ ਇੱਛਾ ਸੀ ਤੇ ਮੈਨੂੰ ਵੀ ਲੱਗਿਆ ਕਿ ਇਸ ਤੋਂ ਸਾਦਾ, ਮਾਣਮੱਤਾ ਤੇ ਪਵਿੱਤਰ ਕੀ ਹੋ ਸਕਦਾ ਹੈ? ਇਸ ਲਈ ਅਨੰਦ ਕਾਰਜ ਕੀਤਾ ਗਿਆ। ਗੁਰਦੁਆਰੇ ’ਚ ਵਿਆਹ ਦੀਆਂ ਰਸਮਾਂ ਸਾਦਗੀ ਨਾਲ ਨਿਭਾਈਆਂ ਗਈਆਂ। ਬੈਂਡ-ਬਾਜਾ, ਸ਼ਹਿਨਾਈ ਤੇ ਡੀਜੇ ਪਾਰਟੀ ਵਰਗੇ ਪ੍ਰੋਗਰਾਮ ਨਹੀਂ ਸੀ। ਅਨੰਦ ਕਾਰਜ ਤੋਂ ਬਾਅਦ ਸਾਰੇ ਪੰਚਕੂਲਾ ਸਥਿਤ ਹੋਟਲ ਲਲਿਦ ਪੁੱਜੇ। ਇੱਥੇ ਮਹਿਮਨਾਂ ਲਈ ਲੰਚ ਦਾ ਪ੍ਰੋਗਰਾਮ ਸੀ।