ਨੌਜਵਾਨ 'ਤੇ ਅੱਧੀ ਦਰਜਨ ਹਮਲਾਵਰਾਂ ਨੇ ਕੀਤਾ ਜਾਨਲੇਵਾ ਹਮਲਾ, ਹਸਪਤਾਲ 'ਚ ਜ਼ੇਰੇ ਇਲਾਜ
ਨੌਜਵਾਨ 'ਤੇ ਅੱਧੀ ਦਰਜਣ ਹਮਲਾਵਰਾਂ ਨੇ ਕੀਤਾ ਜਾਨਲੇਵਾ ਹਮਲਾ, ਹਸਪਤਾਲ 'ਚ ਜ਼ੇਰੇ ਇਲਾਜ
Publish Date: Sat, 07 Mar 2026 09:10 PM (IST)
Updated Date: Sun, 08 Mar 2026 04:18 AM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਪਿੰਡ ਛੱਤ ਵਿਚ ਗੁੰਡਾਗਰਦੀ ਦਾ ਇਕ ਅਜਿਹਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ, ਜਿਸ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੁੱਝ ਹਮਲਾਵਰਾਂ ਨੇ ਇਕ ਨੌਜਵਾਨ ਤੇ ਘਾਤ ਲਗਾ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਦੇ ਦੋ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਪੀੜਤ ਦੇ ਬਿਆਨ ਦਰਜ ਕਰਨ ਦੀ ਜ਼ਹਿਮਤ ਤੱਕ ਨਹੀਂ ਉਠਾਈ, ਜਿਸ ਕਾਰਨ ਪੀੜਤ ਪਰਿਵਾਰ ’ਚ ਭਾਰੀ ਰੋਸ ਤੇ ਅਸੁਰੱਖਿਆ ਦੀ ਭਾਵਨਾ ਪਾਈ ਜਾ ਰਹੀ ਹੈ। ਕੰਮ ਤੇ ਜਾਂਦੇ ਹੋਏ ਰਸਤੇ ’ਚ ਘੇਰਿਆ : ਪੀੜਤ ਸ਼ਾਹਿਦ, ਜੋ ਕਿ ਪਿੰਡ ਛੱਤ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਘਰੋਂ ਕੰਮ ਲਈ ਨਿਕਲਿਆ ਸੀ। ਅਜੇ ਉਹ ਰਸਤੇ ’ਚ ਹੀ ਸੀ ਕਿ ਕਰੀਬ ਅੱਧੀ ਦਰਜਣ ਹਮਲਾਵਰਾਂ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ। ਬਿਨਾਂ ਕਿਸੇ ਗੱਲਬਾਤ ਜਾਂ ਵਜ੍ਹਾ ਦੇ, ਹਮਲਾਵਰਾਂ ਨੇ ਉਸ ਤੇ ਲੋਹੇ ਦੀਆਂ ਰਾਡਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸ਼ਾਹਿਦ ਦੇ ਸਿਰ, ਕਮਰ ਅਤੇ ਬਾਹਾਂ ਤੇ ਬੇਰਹਿਮੀ ਨਾਲ ਵਾਰ ਕੀਤੇ। ਹਮਲੇ ਦੌਰਾਨ ਸ਼ਾਹਿਦ ਦੇ ਸਿਰ ਵਿਚ ਡੂੰਘੀ ਸੱਟ ਲੱਗੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਨੌਜਵਾਨ ਦੇ ਸਿਰ ਵਿਚ 9 ਟਾਂਕੇ ਲਗਾਏ ਗਏ ਹਨ ਅਤੇ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਦੇ ਬੈੱਡ ਤੇ ਪਏ ਸ਼ਾਹਿਦ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਸ ਨੂੰ ਹਸਪਤਾਲ ’ਚ ਦਾਖ਼ਲ ਹੋਇਆਂ ਦੋ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਉਸ ਦੀ ਸਾਰ ਲੈਣ ਜਾਂ ਬਿਆਨ ਲੈਣ ਨਹੀਂ ਆਇਆ। ਉਸ ਨੇ ਪੁਲਿਸ ਦੀ ਇਸ ਢਿੱਲੀ ਕਾਰਵਾਈ ਨੂੰ ਅਪਰਾਧੀਆਂ ਨੂੰ ਸ਼ਹਿ ਦੇਣ ਦੇ ਬਰਾਬਰ ਦੱਸਿਆ। ਬਾਕਸ : ਘਰ ਦਾ ਇਕਲੌਤਾ ਕਮਾਊ ਮੈਂਬਰ ਹੈ ਸ਼ਾਹਿਦ : ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਾਹਿਦ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਹੈ। ਉਸ ਦੇ ਸਿਰ ਤੇ ਹੀ ਬਜ਼ੁਰਗ ਮਾਤਾ-ਪਿਤਾ, ਇਕ ਭਰਾ ਤੇ ਇਕ ਭੈਣ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਹੈ। ਇਸ ਹਮਲੇ ਤੋਂ ਬਾਅਦ ਪੂਰਾ ਪਰਿਵਾਰ ਸਦਮੇ ’ਚ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹੀਆਂ ਤੇ ਪੁਲਿਸ ਕਾਰਵਾਈ ’ਚ ਦੇਰੀ ਕਰਦੀ ਰਹੀ ਤਾਂ ਅਪਰਾਧੀਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਣਗੇ। ਜਾਂਚ ਅਧਿਕਾਰੀ ਦਾ ਪੱਖ : ‘‘ਮਾਮਲਾ ਸਾਡੇ ਧਿਆਨ ਵਿਚ ਹੈ। ਕਿਸੇ ਹੋਰ ਜ਼ਰੂਰੀ ਸਰਕਾਰੀ ਕੰਮ ’ਚ ਰੁਝੇਵਿਆਂ ਕਾਰਨ ਅਸੀਂ ਅਜੇ ਤੱਕ ਹਸਪਤਾਲ ਨਹੀਂ ਪਹੁੰਚ ਸਕੇ ਸੀ। ਹੁਣ ਅਸੀਂ ਪੀੜਤ ਦੇ ਬਿਆਨ ਲੈਣ ਲਈ ਹਸਪਤਾਲ ਜਾ ਰਹੇ ਹਾਂ। ਬਿਆਨ ਦਰਜ ਕਰਨ ਉਪਰੰਤ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਏਐੱਸਆਈ ਬਲਰਾਜ ਸਿੰਘ, ਪੁਲਿਸ ਥਾਣਾ, ਜ਼ੀਰਕਪੁਰ।