ਖਰੜ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
ਖਰੜ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Wed, 05 Nov 2025 05:55 PM (IST)
Updated Date: Wed, 05 Nov 2025 05:58 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਜਿੱਥੇ ਪੂਰੀ ਦੁਨੀਆ ’ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਭਗਤੀ ਨਾਲ ਮਨਾਇਆ ਗਿਆ, ਉੱਥੇ ਹੀ ਖਰੜ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਵੀ ਪ੍ਰਕਾਸ਼ ਪੁਰਬ ਦਾ ਵਿਸ਼ਾਲ ਸਮਾਰੋਹ ਮਨਾਇਆ ਗਿਆ। ਸ਼ਹਿਰ ਭਰ ’ਚ ਗੁਰਬਾਣੀ ਦੇ ਸੁਹਾਵਣੇ ਕੀਰਤਨ, ਕੀਰਤਨੀਏ ਜਥਿਆਂ ਦੀਆਂ ਧਾਰਮਿਕ ਸਾਂਝਾਂ ਅਤੇ ਗੁਰੂ ਕੇ ਲੰਗਰ ਨੇ ਧਾਰਮਿਕ ਰੰਗ ਭਰ ਦਿੱਤਾ। ਹਰ ਸਾਲ ਦੀ ਤਰ੍ਹਾਂ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਵੱਡੇ ਪੱਧਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕੀਤਾ ਗਿਆ। ਮਹਾਨ ਕੀਰਤਨੀਏ ਅਤੇ ਕਥਾਵਾਚਕਾਂ ਨੇ ਗੁਰੂ ਸਾਹਿਬ ਦੀ ਬਾਣੀ, ਸਿੱਖਿਆਵਾਂ ਅਤੇ ਕੀਰਤਨ ਰਸ ਨਾਲ ਸੰਗਤਾਂ ਨੂੰ ਜੋੜਿਆ ਅਤੇ ਗੁਰੂ ਸਾਹਿਬ ਦੇ ਪਿਆਰ, ਭਾਈਚਾਰੇ ਅਤੇ ਨਿਮਰਤਾ ਦੇ ਸੰਦੇਸ਼ ਨੂੰ ਪ੍ਰਸਾਰਿਤ ਕੀਤਾ। ਇਸੇ ਤਰ੍ਹਾਂ ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਅਕਾਲੀ ਦਫਤਰ, ਰਵਿਦਾਸ ਗੁਰਦੁਆਰਾ ਸਾਹਿਬ, ਗੁਰੂ ਦੁੱਖ ਨਿਵਾਰਨ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਂ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ, ਕੀਰਤਨ ਦੇ ਨਾਲ ਨਾਲ ਗੁਰੂ ਕੇ ਅਤੁੱਟ ਲੰਗਰ ਦਾ ਵੀ ਸੁਵਾਦ ਮਾਣਿਆ। ਇਸ ਪਵਿੱਤਰ ਮੌਕੇ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੰਘ ਸਭਾ ਗੁਰਦੁਆਰਾ ਸਨੀ ਇਨਕਲੇਵ ਵਿਖੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਹਾਜ਼ਰੀ ਲਗਵਾ ਕੇ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸੱਚ, ਨਿਮਰਤਾ, ਸੇਵਾ ਅਤੇ ਸਮਾਨਤਾ ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਨੇ ਦੇਸ਼ ਭਰ ਦੀ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਵੀ ਦਿੱਤੀਆਂ।