ਕਿਸਾਨਾਂ ਲਈ ਅਹਿਮ ਖ਼ਬਰ: ਤੁਹਾਡੀ ਜ਼ਮੀਨ ਤਾਂ ਨਹੀਂ ਆ ਰਹੀ ਐਕੁਆਇਰ ਖੇਤਰ 'ਚ? ਨੋਟੀਫਿਕੇਸ਼ਨ ਜਾਰੀ, ਹੁਣ ਨਹੀਂ ਹੋ ਸਕੇਗੀ ਰਜਿਸਟਰੀ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਮੁਹਾਲੀ ਦੇ ਛੇ ਪਿੰਡਾਂ ਦੀ 502 ਏਕੜ ਜ਼ਮੀਨ ਐਕੁਆਇਰ ਕਰਨ ਲਈ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਛੇ ਪਿੰਡਾਂ ਦੁਰਾਲੀ, ਸਨੇਟਾ, ਨਾਨੂੰਮਾਜਰਾ, ਸੰਭਾਲਕੀ, ਮਾਣਕਮਾਜਰਾ ਅਤੇ ਸੋਹਾਣਾ ਦੀ ਜ਼ਮੀਨ ਵਪਾਰਕ ਸੈਕਟਰ-87 ਦੇ ਵਿਸਥਾਰ ਅਤੇ ਸੈਕਟਰ 101 ਅਤੇ 103 ਵਿਚ ਸਥਾਪਿਤ ਕੀਤੇ ਜਾਣ ਵਾਲੇ ਉਦਯੋਗਿਕ ਪਾਰਕਾਂ ਲਈ ਗ੍ਰਹਿਣ ਕੀਤੀ ਜਾ ਰਹੀ ਹੈ। ਕਿਸਾਨਾਂ ਕੋਲੋਂ ਇਹ ਜ਼ਮੀਨ ਪੁਰਾਣੇ ਲੈਂਡ ਪੂਲਿੰਗ ਐਕਟ ਅਧੀਨ ਲਈ ਜਾ ਰਹੀ ਹੈ, ਜਿਸ ’ਚ ਕਿਸਾਨਾਂ ਨੂੰ ਜ਼ਮੀਨ ਦੀ ਅਦਾਇਗੀ ਅਤੇ ਲੈਂਡ ਪੂਲਿੰਗ ਨੀਤੀ ਤਹਿਤ ਪਲਾਟ ਹਾਸਲ ਕਰਨ ਦੀ ਖੁੱਲ ਹੋਵੇਗੀ।
Publish Date: Thu, 12 Mar 2026 01:35 PM (IST)
Updated Date: Thu, 12 Mar 2026 01:38 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਮੁਹਾਲੀ ਦੇ ਛੇ ਪਿੰਡਾਂ ਦੀ 502 ਏਕੜ ਜ਼ਮੀਨ ਐਕੁਆਇਰ ਕਰਨ ਲਈ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਛੇ ਪਿੰਡਾਂ ਦੁਰਾਲੀ, ਸਨੇਟਾ, ਨਾਨੂੰਮਾਜਰਾ, ਸੰਭਾਲਕੀ, ਮਾਣਕਮਾਜਰਾ ਅਤੇ ਸੋਹਾਣਾ ਦੀ ਜ਼ਮੀਨ ਵਪਾਰਕ ਸੈਕਟਰ-87 ਦੇ ਵਿਸਥਾਰ ਅਤੇ ਸੈਕਟਰ 101 ਅਤੇ 103 ਵਿਚ ਸਥਾਪਿਤ ਕੀਤੇ ਜਾਣ ਵਾਲੇ ਉਦਯੋਗਿਕ ਪਾਰਕਾਂ ਲਈ ਗ੍ਰਹਿਣ ਕੀਤੀ ਜਾ ਰਹੀ ਹੈ। ਕਿਸਾਨਾਂ ਕੋਲੋਂ ਇਹ ਜ਼ਮੀਨ ਪੁਰਾਣੇ ਲੈਂਡ ਪੂਲਿੰਗ ਐਕਟ ਅਧੀਨ ਲਈ ਜਾ ਰਹੀ ਹੈ, ਜਿਸ ’ਚ ਕਿਸਾਨਾਂ ਨੂੰ ਜ਼ਮੀਨ ਦੀ ਅਦਾਇਗੀ ਅਤੇ ਲੈਂਡ ਪੂਲਿੰਗ ਨੀਤੀ ਤਹਿਤ ਪਲਾਟ ਹਾਸਲ ਕਰਨ ਦੀ ਖੁੱਲ ਹੋਵੇਗੀ।
ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਨੂੰ ਐਕੁਆਇਰ ਕਰਨ ਲਈ ਗਮਾਡਾ ਵੱਲੋਂ ਪਹਿਲਾਂ ਹੀ ਸਮਾਜਿਕ ਪ੍ਰਭਾਵ ਮੁਲਾਂਕਣ ਕਰਾਇਆ ਜਾ ਚੁੱਕਾ ਹੈ। ਮਾਹਰ ਗਰੁੱਪ ਵੱਲੋਂ ਵੀ ਜ਼ਮੀਨਾਂ ਐਕੁਆਇਰ ਕਰਨ ਲਈ ਕਿਸੇ ’ਤੇ ਵੀ ਕੋਈ ਪ੍ਰਭਾਵ ਨਾ ਪੈਣ ਦਾ ਹਵਾਲਾ ਦਿੰਦਿਆਂ ਆਪਣੀ ਮੋਹਰ ਲਾਈ ਜਾ ਚੁੱਕੀ ਹੈ। ਹਾਲਾਂਕਿ ਪਿੰਡ ਦੁਰਾਲੀ ਦੇ ਵਸਨੀਕਾਂ ਵੱਲੋਂ ਜ਼ਮੀਨ ਗ੍ਰਹਿਣ ਕਰਨ ਸਮੇਂ ਪ੍ਰਮੁੱਖ ਥਾਵਾਂ ’ਤੇ ਕਿਸਾਨਾਂ ਨੂੰ ਲੈਂਡ ਪੂਲਿੰਗ ਵਿਚ ਭਾਈਵਾਲ ਨਾ ਬਣਾਏ ਜਾਣ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਇਸੇ ਵਿਚਕਾਰ ਗਮਾਡਾ ਵੱਲੋਂ ਜ਼ਮੀਨਾਂ ਹਾਸਲ ਕਰਨ ਦੀ ਆਖ਼ਰੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਕਿਸਾਨਾਂ ਕੋਲੋਂ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ 60 ਦਿਨਾਂ ਦੇ ਅੰਦਰ ਇਤਰਾਜ਼ ਮੰਗੇ ਗਏ ਹਨ, ਜਿਸ ਮਗਰੋਂ ਜ਼ਮੀਨਾਂ ਹਾਸਲ ਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ।
ਨੋਟੀਫ਼ਿਕੇਸ਼ਨ ਜਾਰੀ ਕਰਕੇ ਗਮਾਡਾ ਨੇ ਇਸ ਖੇਤਰ ਦੇ ਜ਼ਮੀਨੀ ਨੰਬਰ ਨਸ਼ਰ ਕਰ ਦਿੱਤੇ ਹਨ। ਉਨ੍ਹਾਂ ਜ਼ਮੀਨ ਦੀ ਖ਼ਰੀਦ-ਵੇਚ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ ਤੇ ਹੁਣ ਕੋਈ ਵੀ ਕਿਸਾਨ ਆਪਣੀ ਜ਼ਮੀਨ ਵੇਚਣ ਜਾਂ ਖ਼ਰੀਦਣ ਦੀ ਰਜਿਸਟਰੀ ਨਹੀਂ ਕਰਵਾ ਸਕੇਗਾ। ਜਾਰੀ ਕੀਤੇ ਨੋਟੀਫ਼ਿਕੇਸ਼ਨ ਤਹਿਤ ਸੈਕਟਰ-87 ਦੇ ਵਪਾਰਕ ਖੇਤਰ ਦੇ ਵਿਸਥਾਰ ਲਈ ਮਾਣਕਮਾਜਰਾ ਦੀ 19.6 ਏਕੜ, ਨਾਨੂੰਮਾਜਰਾ ਦੀ 116.9 ਏਕੜ, ਸੋਹਾਣਾ ਦੀ 65 ਏਕੜ ਅਤੇ ਸੰਭਾਲਕੀ ਦੀ ਇਕ ਕਨਾਲ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਇਸੇ ਤਰ੍ਹਾਂ ਉਦਯੋਗਿਕ ਖੇਤਰ ਸੈਕਟਰ 101 ਦੇ ਵਿਸਥਾਰ ਲਈ ਪਿੰਡ ਦੁਰਾਲੀ ਦੀ 129 ਏਕੜ ਜ਼ਮੀਨ ਹਾਸਲ ਕੀਤੀ ਜਾਵੇਗੀ। ਸੈਕਟਰ 103 ਵਿਖੇ ਉਦਯੋਗਿਕ ਪਾਰਕ ਦੀ ਸਥਾਪਨਾ ਲਈ ਪਿੰਡ ਦੁਰਾਲੀ ਦੀ 141.8 ਏਕੜ ਅਤੇ ਪਿੰਡ ਸਨੇਟਾ ਦੀ 29.8 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ।