ਵਿਦਿਆਰਥੀ ਦੀ ਗੱਡੀ ’ਚੋਂ ਲੱਖਾਂ ਦਾ ਸਾਮਾਨ ਤੇ ਲੈਪਟਾਪ ਚੋਰੀ
ਵਿਦਿਆਰਥੀ ਦੀ ਗੱਡੀ ’ਚੋਂ ਲੱਖਾਂ ਦਾ ਸਾਮਾਨ ਤੇ ਲੈਪਟਾਪ ਚੋਰੀ,
Publish Date: Mon, 18 May 2026 07:43 PM (IST)
Updated Date: Mon, 18 May 2026 07:45 PM (IST)

- ਸਥਾਨਕ ਪੁਲਿਸ ਨੇ ਪੀੜਤ ਨੂੰ ਸਾਈਬਰ ਕ੍ਰਾਈਮ ਸੈੱਲ ਜਾਣ ਦੀ ਦਿੱਤੀ ਸਲਾਹ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਮੁੱਖ ਬੱਸ ਸਟੈਂਡ ’ਤੇ ਬੀਤੀ ਰਾਤ ਚੋਰਾਂ ਦੇ ਹੌਸਲੇ ਬੁਲੰਦ ਹੋਣ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੈਸ਼ਨਲ ਡੈਂਟਲ ਕਾਲਜ ਦੇ ਦੂਜੇ ਸਾਲ ਦੇ ਵਿਦਿਆਰਥੀ ਦੀ ਖੜ੍ਹੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਨੇ ਮਹਿਜ਼ 5 ਮਿੰਟਾਂ ਦੇ ਅੰਦਰ-ਅੰਦਰ ਕਰੀਬ ਇਕ ਲੱਖ ਰੁਪਏ ਦੀ ਕੀਮਤ ਦਾ ਸਾਮਾਨ ਉਡਾ ਲਿਆ। ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਡਾ. ਰਾਹੁਲ ਵਜੋਂ ਹੋਈ ਹੈ, ਜੋ ਨੈਸ਼ਨਲ ਡੈਂਟਲ ਕਾਲਜ ਡੇਰਾਬੱਸੀ ਵਿਚ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਬੀਤੀ ਰਾਤ ਕਰੀਬ 8 ਵਜੇ ਉਹ ਕਿਸੇ ਕੰਮ ਲਈ ਡੇਰਾਬੱਸੀ ਬੱਸ ਸਟੈਂਡ ਦੇ ਨੇੜੇ ਆਪਣੀ ਗੱਡੀ ਖੜ੍ਹੀ ਕਰਕੇ ਗਿਆ ਸੀ। ਜਦੋਂ ਉਹ ਮਹਿਜ਼ 5 ਮਿੰਟਾਂ ਬਾਅਦ ਵਾਪਸ ਪਰਤਿਆ ਤਾਂ ਗੱਡੀ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਪੀੜਤ ਮੁਤਾਬਕ ਅਣਪਛਾਤੇ ਚੋਰ ਨੇ ਬੜੀ ਸਫ਼ਾਈ ਨਾਲ ਗੱਡੀ ਵਿਚੋਂ ਕਰੀਬ 50 ਹਜ਼ਾਰ ਰੁਪਏ ਦੀ ਕੀਮਤ ਦਾ ਮਹਿੰਗਾ ਲੈਪਟਾਪ ਅਤੇ 50 ਹਜ਼ਾਰ ਰੁਪਏ ਦੀ ਕੀਮਤ ਦਾ ਹੋਰ ਜ਼ਰੂਰੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਲੈਪਟਾਪ ਵਿਚ ਵਿਦਿਆਰਥੀ ਦੀ ਪੜ੍ਹਾਈ ਨਾਲ ਸਬੰਧਤ ਮਹੱਤਵਪੂਰਨ ਡਾਟਾ ਵੀ ਮੌਜੂਦ ਸੀ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਹਾਲਾਂਕਿ, ਲੈਪਟਾਪ ਅਤੇ ਤਕਨੀਕੀ ਡਿਵਾਈਸ ਨਾਲ ਜੁੜਿਆ ਮਾਮਲਾ ਹੋਣ ਕਰਕੇ ਸਥਾਨਕ ਪੁਲਿਸ ਨੇ ਪੀੜਤ ਵਿਦਿਆਰਥੀ ਨੂੰ ਤੁਰੰਤ ਸਾਈਬਰ ਕਰਾਈਮ ਵਿਖੇ ਪਹੁੰਚ ਕਰਨ ਅਤੇ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਲੈਪਟਾਪ ਨੂੰ ਟਰੈਕ ਕੀਤਾ ਜਾ ਸਕੇ। ਸ਼ਹਿਰ ਦੇ ਸਭ ਤੋਂ ਵਿਅਸਤ ਰਹਿਣ ਵਾਲੇ ਬੱਸ ਸਟੈਂਡ ਇਲਾਕੇ ਵਿਚ ਰਾਤ 8 ਵਜੇ ਜਦੋਂ ਆਮ ਤੌਰ ’ਤੇ ਕਾਫ਼ੀ ਚਹਿਲ-ਪਹਿਲ ਹੁੰਦੀ ਹੈ, ਅਜਿਹੀ ਘਟਨਾ ਵਾਪਰਨ ਕਾਰਨ ਸਥਾਨਕ ਲੋਕਾਂ ਅਤੇ ਵਪਾਰੀਆਂ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਗਸ਼ਤ ਵਧਾਈ ਜਾਵੇ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।