ਪੀਜੀਆਈ ਨੂੰ ਵਿੱਤੀ ਸਾਲ 2026-27 ਲਈ 2559.65 ਕਰੋੜ ਰੁਪਏ ਦਾ ਬਜਟ ਵੰਡਿਆ ਗਿਆ ਹੈ। ਇਹ ਰਕਮ ਪਿਛਲੇ ਵਿੱਤੀ ਸਾਲ 2025-26 ਦੇ ਸੋਧੇ ਗਏ ਬਜਟ ਅਨੁਮਾਨ 2417.86 ਕਰੋੜ ਰੁਪਏ ਨਾਲੋਂ 141.79 ਕਰੋੜ ਜ਼ਿਆਦਾ ਹੈ। ਪੀਜੀਆਈ ਵਿੱਚ ਇਮਾਰਤਾਂ, ਆਧੁਨਿਕ ਮਸ਼ੀਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 390 ਕਰੋੜ ਰੁਪਏ ਰੱਖੇ ਗਏ ਹਨ। ਇਸ ਨਾਲ ਹਸਪਤਾਲ ਵਿੱਚ ਚੱਲ ਰਹੀਆਂ ਅਤੇ ਪ੍ਰਸਤਾਵਿਤ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ। ਪੀਜੀਆਈ ਨੂੰ ਵਿੱਤੀ ਸਾਲ 2026-27 ਲਈ 2559.65 ਕਰੋੜ ਰੁਪਏ ਦਾ ਬਜਟ ਵੰਡਿਆ ਗਿਆ ਹੈ। ਇਹ ਰਕਮ ਪਿਛਲੇ ਵਿੱਤੀ ਸਾਲ 2025-26 ਦੇ ਸੋਧੇ ਗਏ ਬਜਟ ਅਨੁਮਾਨ 2417.86 ਕਰੋੜ ਰੁਪਏ ਨਾਲੋਂ 141.79 ਕਰੋੜ ਜ਼ਿਆਦਾ ਹੈ। ਪੀਜੀਆਈ ਵਿੱਚ ਇਮਾਰਤਾਂ, ਆਧੁਨਿਕ ਮਸ਼ੀਨਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ 390 ਕਰੋੜ ਰੁਪਏ ਰੱਖੇ ਗਏ ਹਨ। ਇਸ ਨਾਲ ਹਸਪਤਾਲ ਵਿੱਚ ਚੱਲ ਰਹੀਆਂ ਅਤੇ ਪ੍ਰਸਤਾਵਿਤ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।
ਡਾਕਟਰਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਦੀ ਤਨਖਾਹ ਲਈ 1450 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ, ਜੋ ਲਗਪਗ ਪਿਛਲੇ ਸਾਲ ਦੇ ਬਰਾਬਰ ਹੈ। ਦਵਾਈਆਂ, ਰੱਖ-ਰਖਾਅ ਅਤੇ ਹੋਰ ਆਮ ਖਰਚਾਂ ਲਈ 550 ਕਰੋੜ ਰੁਪਏ ਦਾ ਪ੍ਰੋਵਿਜ਼ਨ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ 527 ਕਰੋੜ ਰੁਪਏ ਨਾਲੋਂ ਵੱਧ ਹੈ। ਖ਼ਾਸ ਸਹਾਇਤਾ ਕਾਰਜਕ੍ਰਮ (ਐਸਏਪੀ) ਹੇਠ ਇਸ ਸਾਲ ਵੀ 10 ਕਰੋੜ ਰੁਪਏ ਹੀ ਰੱਖੇ ਗਏ ਹਨ, ਜੋ ਪਿਛਲੇ ਵਿੱਤੀ ਸਾਲ ਦੇ ਬਰਾਬਰ ਹਨ।
ਪੀਜੀਆਈ ਪ੍ਰਸ਼ਾਸਨ ਦੇ ਮੁਤਾਬਕ ਇਹ ਸ਼ੁਰੂਆਤੀ ਬਜਟ ਵੰਡ ਹੈ। ਹਰ ਸਾਲ ਵਾਂਗ, ਇਸ ਸਾਲ ਵੀ ਨਵੰਬਰ ਜਾਂ ਦਸੰਬਰ ਵਿੱਚ ਅਨੁਦਾਨ ਰਾਹੀਂ ਵਾਧੂ ਰਕਮ ਮਿਲ ਸਕਦੀ ਹੈ। ਅੱਗੇ ਮਿਲਣ ਵਾਲਾ ਬਜਟ ਸਾਲ ਭਰ ਦੇ ਖਰਚ ਅਤੇ ਨਵੀਂ ਲੋੜਾਂ ਦੇ ਆਧਾਰ ’ਤੇ ਨਿਰਧਾਰਿਤ ਕੀਤਾ ਜਾਵੇਗਾ। ਪੀਜੀਆਈ ਦੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਕਿਹਾ ਕਿ ਵਧੇ ਹੋਏ ਬਜਟ ਨਾਲ ਪੀਜੀਆਈ ਵਿੱਚ ਇਲਾਜ ਦੀਆਂ ਸਹੂਲਤਾਂ ਬਿਹਤਰ ਹੋਣਗੀਆਂ, ਆਧੁਨਿਕ ਤਕਨਾਲੋਜੀ ਨੂੰ ਉਤਸ਼ਾਹ ਮਿਲੇਗਾ ਅਤੇ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਤੁਹਾਨੂੰ ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਐਲਾਨ ਕੀਤੇ ਗਏ ਆਮ ਬਜਟ ਵਿਚ ਚੰਡੀਗੜ੍ਹ ਨੂੰ ਵੱਡਾ ਝਟਕਾ ਲੱਗਿਆ ਹੈ। ਪਿਛਲੇ ਦੋ ਸਾਲਾਂ ਨਾਲੋਂ ਇਸ ਵਾਰ ਯੂਟੀ ਪ੍ਰਸ਼ਾਸਨ ਨੂੰ ਕਾਫੀ ਘੱਟ ਬਜਟ ਮਿਲਿਆ ਹੈ। 2026-27 ਵਿੱਤ ਵਰ੍ਹੇ ਲਈ ਚੰਡੀਗੜ੍ਹ ਲਈ 6545.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜੋ ਪਿਛਲੇ ਸਾਲ ਨਾਲੋਂ 437.66 ਕਰੋੜ ਘੱਟ ਹਨ। ਬਜਟ ਵਿਚ ਰੈਵੇਨਿਊ ਹੈੱਡ ਲਈ 5939.52 ਕਰੋੜ ਅਤੇ ਕੈਪਿਟਲ ਹੈੱਡ ਲਈ 606 ਕਰੋੜ ਦਿੱਤੇ ਗਏ ਹਨ। ਯੂਟੀ ਨੇ ਇਸ ਵਾਰ ਕੇਂਦਰ ਸਰਕਾਰ ਤੋਂ ਬਜਟ ਵਿੱਚ 20 ਫ਼ੀਸਦੀ ਵਾਧੇ ਦੀ ਮੰਗ ਕੀਤੀ ਸੀ, ਪਰ ਕੇਂਦਰ ਨੇ ਇਸ ਦੀ ਕਟੌਤੀ ਕਰ ਦਿੱਤੀ।
ਪਿਛਲੇ ਵਰ੍ਹੇ 2025-26 ਵਿੱਚ ਚੰਡੀਗੜ੍ਹ ਨੂੰ 6983.18 ਕਰੋੜ ਬਜਟ ਮਿਲਿਆ ਸੀ, ਜਿਸ ਵਿੱਚ ਰੈਵੇਨਿਊ ਹੈੱਡ 6185.18 ਕਰੋੜ ਅਤੇ ਕੈਪਿਟਲ ਹੈੱਡ 798 ਕਰੋੜ ਸੀ। ਇਸ ਵਾਰ ਦੋਹਾਂ ਹੈੱਡਾਂ ਵਿਚ ਘਾਟ ਕਾਰਨ ਯੂਟੀ ਪ੍ਰਸ਼ਾਸਨ ਦੀਆਂ ਕਈ ਯੋਜਨਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਪਹਿਲੀ ਵਾਰ ਕੇਂਦਰ ਸਰਕਾਰ ਵੱਲੋਂ ਨਗਰ ਨਿਗਮ ਲਈ 850 ਕਰੋੜ ਅਤੇ ਪੀਜੀਆਈ ਲਈ 2559.65 ਕਰੋੜ ਜਾਰੀ ਕੀਤੇ ਗਏ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਇਹ ਕਮੀ ਚੰਡੀਗੜ੍ਹ ਦੇ ਬੁਨਿਆਦੀ ਢਾਂਚੇ, ਵਿਕਾਸ ਯੋਜਨਾਵਾਂ ਅਤੇ ਨਵੀਆਂ ਸਕੀਮਾਂ ਦੀ ਰਫ਼ਤਾਰ ‘ਤੇ ਅਸਰ ਪਾ ਸਕਦੀ ਹੈ। ਵਿਰੋਧੀ ਧਿਰਾਂ ਨੇ ਇਸ ਨੂੰ ਚੰਡੀਗੜ੍ਹ ਨਾਲ ਭੇਦਭਾਵ ਵਾਲਾ ਬਜਟ ਦੱਸਿਆ ਹੈ।
ਬਜਟ ਇਕ ਨਜ਼ਰ…
2026-27 ਵਿੱਤ ਵਰ੍ਹੇ ਲਈ ਚੰਡੀਗੜ੍ਹ ਨੂੰ ਮਿਲਿਆ ਬਜਟ:
| ਵੇਰਵਾ | ਰਕਮ (ਕਰੋੜ ਰੁਪਏ ਵਿੱਚ) |
| ਕੁੱਲ ਬਜਟ (Total Budget) | 6545.52 |
| ਰੈਵੇਨਿਊ ਹੈੱਡ (Revenue Head) | 5939.52 |
| ਕੈਪਿਟਲ ਹੈੱਡ (Capital Head) | 606.00 |
| ਪਿਛਲੇ ਸਾਲ (2025-26) ਨਾਲੋਂ ਕਮੀ | 437.66 |