ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਦਿੱਲੀ ਦੀਆਂ ਏਜੰਸੀਆਂ ਦਾ ਏਜੰਟ ਦੱਸਿਆ
ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲ ਨੂੰ ਦਿੱਲੀ ਦੀਆਂ ਏਜੰਸੀਆਂ ਦਾ ਏਜੰਟ ਦੱਸਿਆ ;
Publish Date: Sat, 04 Apr 2026 09:45 PM (IST)
Updated Date: Sat, 04 Apr 2026 09:49 PM (IST)

ਕੁਰਾਲੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ‘ਦਿੱਲੀ ਤਖ਼ਤ ਦੀਆਂ ਏਜੰਸੀਆਂ ਦੇ ਏਜੰਟ’ ਕਰਾਰ ਦਿੱਤਾ ਹੈ। ਕੁਰਾਲੀ ਵਿਖੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਦਲ ਸਿੱਖੀ ਦੇ ਭੇਸ ’ਚ ਰਹਿ ਕੇ ਸਿੱਖ ਸਿਧਾਂਤਾਂ, ਮਰਿਆਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦਾ ਘਾਣ ਕਰ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਸੁਖਬੀਰ ਬਾਦਲ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਗੁਰੂ ਪੰਥ ਪ੍ਰਤੀ ਵਫ਼ਾਦਾਰ ਨਹੀਂ ਹਨ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਆਉਣ ਵਾਲੀਆਂ 2027 ਦੀਆਂ ਚੋਣਾਂ ਪੂਰੇ ਜੋਸ਼ ਨਾਲ ਲੜੇਗਾ। ਬੀਬੀ ਸਤਵਿੰਦਰ ਕੌਰ ਧਾਲੀਵਾਲ ਦੇ ਵਾਪਸ ਬਾਦਲ ਦਲ ਵਿਚ ਜਾਣ ਬਾਰੇ ਉਨ੍ਹਾਂ ਕਿਹਾ ਕਿ ਸੱਤਾ ਦੇ ਲਾਲਚੀ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ, ਸਗੋਂ ‘ਕੱਚ’ ਨਿਕਲ ਜਾਣ ਨਾਲ ਪਾਰਟੀ ਹੋਰ ਸ਼ੁੱਧ ਹੋਵੇਗੀ। ਸਮਾਗਮ ਦੌਰਾਨ ਸਾਬਕਾ ਸਪੀਕਰ ਰਵਿੰਦਰ ਸਿੰਘ (ਪ੍ਰਧਾਨ ਅਕਾਲੀ ਦਲ 1920) ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਬੰਸ ਸਿੰਘ ਕੰਧੋਲਾ, ਭਜਨ ਸਿੰਘ ਸ਼ੇਰਗਿੱਲ, ਦਰਸ਼ਨ ਸਿੰਘ ਕਨਸਾਲਾ ਅਤੇ ਹੋਰ ਕਈ ਪ੍ਰਮੁੱਖ ਆਗੂ ਹਾਜ਼ਰ ਸਨ।