ਜ਼ੀਰਕਪੁਰ ’ਚ ਥਾਂ-ਥਾਂ ਫੈਲਿਆ ‘ਕੂੜਾ ਹੀ ਕੂੜਾ’, ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ
ਜ਼ੀਰਕਪੁਰ 'ਚ ਥਾਂ-ਥਾਂ ਫੈਲਿਆ 'ਕੂੜਾ ਹੀ ਕੂੜਾ', ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ
Publish Date: Mon, 11 May 2026 09:31 PM (IST)
Updated Date: Mon, 11 May 2026 09:33 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਅਤੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਸੋਮਵਾਰ ਨੂੰ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਜ਼ੀਰਕਪੁਰ, ਜੋ ਕਦੇ ਆਪਣੀ ਚਕਾਚੌਂਧ ਲਈ ਜਾਣਿਆ ਜਾਂਦਾ ਸੀ, ਅੱਜ ਕੂੜੇ ਦੇ ਢੇਰਾਂ ਹੇਠ ਦਬਿਆ ਨਜ਼ਰ ਆ ਰਿਹਾ ਹੈ। 6 ਮਈ ਤੋਂ ਸ਼ੁਰੂ ਹੋਈ ਇਹ ਹੜਤਾਲ ਹੁਣ ਸ਼ਹਿਰ ਵਾਸੀਆਂ ਲਈ ਸਜ਼ਾ ਬਣ ਚੁੱਕੀ ਹੈ। ਗਰਮੀ ਵਧਣ ਦੇ ਨਾਲ-ਨਾਲ ਸੜਕਾਂ ਤੇ ਸੜ ਰਹੇ ਕੂੜੇ ਦੀ ਬਦਬੂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਪ੍ਰਸ਼ਾਸਨ ਦੇ ਵਿਕਲਪਿਕ ਪ੍ਰਬੰਧ ਸਿਰਫ਼ ਕਾਗਜ਼ਾਂ ਤੱਕ ਸੀਮਤ ਨਜ਼ਰ ਆ ਰਹੇ ਹਨ, ਜਦੋਂ ਕਿ ਜ਼ਮੀਨੀ ਪੱਧਰ ਤੇ ਗੰਦਗੀ ਦਾ ਆਲਮ ਬਰਕਰਾਰ ਹੈ। ਸ਼ਹਿਰ ਦਾ ਕੋਈ ਵੀ ਕੋਨਾ ਇਸ ਸੰਕਟ ਤੋਂ ਬਚਿਆ ਨਹੀਂ ਹੈ। ਬਲਟਾਣਾ, ਢਕੌਲੀ, ਪੀਰਮੁਛੱਲਾ ਅਤੇ ਵੀਆਈਪੀ ਰੋਡ ਵਰਗੇ ਪ੍ਰਮੁੱਖ ਇਲਾਕਿਆਂ ਵਿਚ ਡੰਪਿੰਗ ਪੁਆਇੰਟ ਆਪਣੀ ਸਮਰੱਥਾ ਤੋਂ ਵੱਧ ਭਰ ਚੁੱਕੇ ਹਨ। ਪਟਿਆਲਾ ਰੋਡ ਤੇ ਵੀ ਹਾਲਾਤ ਅਜਿਹੇ ਹਨ ਕਿ ਰਾਹਗੀਰਾਂ ਨੂੰ ਮੂੰਹ ਤੇ ਰੁਮਾਲ ਰੱਖ ਕੇ ਨਿਕਲਣਾ ਪੈ ਰਿਹਾ ਹੈ। ਘਰਾਂ ਦਾ ਕੂੜਾ ਨਾ ਚੁੱਕੇ ਜਾਣ ਕਾਰਨ ਸੁਸਾਇਟੀਆਂ ਦੇ ਬਾਹਰ ਕੂੜੇ ਦੇ ਪਹਾੜ ਖੜ੍ਹੇ ਹੋ ਗਏ ਹਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਿਰਫ਼ ਭਰੋਸਾ ਦੇ ਰਿਹਾ ਹੈ, ਜਦੋਂ ਕਿ ਬਦਬੂ ਕਾਰਨ ਹੁਣ ਮਹਾਮਾਰੀ ਫ਼ੈਲਣ ਦਾ ਡਰ ਸਤਾ ਰਿਹਾ ਹੈ। ਪੂਰੇ ਪੰਜਾਬ ’ਚ ਇਸ ਹੜਤਾਲ ਦਾ ਮੁੱਖ ਕਾਰਨ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਹਨ। ਸਫ਼ਾਈ ਸੇਵਕ ਯੂਨੀਅਨ ਅਤੇ ਕੱਚੇ ਮੁਲਾਜ਼ਮਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤੱਕ ਤਨਖਾਹਾਂ ਵਿਚ ਵਾਧਾ, ਪੱਕੀ ਭਰਤੀ ਅਤੇ ਬੁਨਿਆਦੀ ਸਹੂਲਤਾਂ ਬਾਰੇ ਕੋਈ ਠੋਸ ਫ਼ੈਸਲਾ ਨਹੀਂ ਹੁੰਦਾ, ਉਹ ਕੰਮ ਤੇ ਨਹੀਂ ਪਰਤਣਗੇ। ਹਾਲਾਂਕਿ, ਪ੍ਰਸ਼ਾਸਨ ਅਤੇ ਯੂਨੀਅਨਾਂ ਵਿਚਕਾਰ ਕਈ ਦੌਰ ਦੀ ਗੱਲਬਾਤ ਹੋਈ ਹੈ, ਪਰ ਤਨਖਾਹ ਦੇ ਮੁੱਦੇ ਤੇ ਗੱਲ ਅਜੇ ਵੀ ਫਸੀ ਹੋਈ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਹੜਤਾਲ ਦੌਰਾਨ ਨਿੱਜੀ ਟਰੈਕਟਰ-ਟਰਾਲੀਆਂ ਅਤੇ ਠੇਕੇਦਾਰਾਂ ਰਾਹੀਂ ਸਫ਼ਾਈ ਕਰਵਾਈ ਜਾਵੇਗੀ, ਪਰ ਹਕੀਕਤ ਇਹ ਹੈ ਕਿ ਇਹ ਪ੍ਰਬੰਧ ਸ਼ਹਿਰ ਦੇ 10 ਫ਼ੀਸਦੀ ਹਿੱਸੇ ਨੂੰ ਵੀ ਕਵਰ ਨਹੀਂ ਕਰ ਪਾ ਰਹੇ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਸ਼ਹਿਰ ਵਾਸੀ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮਾਮਲੇ ਸਬੰਧੀ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਭੱਟੀ ਨੇ ਕਿਹਾ ਕਿ ਸਫ਼ਾਈ ਸੇਵਕ ਪਿਛਲੇ 6 ਦਿਨਾਂ ਤੋਂ ਹੜਤਾਲ ਤੇ ਹਨ, ਜਿਸ ਕਾਰਨ ਸ਼ਹਿਰ ਦੇ ਕਈ ਪੁਆਇੰਟਾਂ ਤੇ ਕੂੜੇ ਦੇ ਢੇਰ ਲੱਗ ਗਏ ਹਨ। ਸਾਡੇ ਵੱਲੋਂ ਸ਼ਹਿਰ ਦੇ ਸਾਰੇ ਕੂੜਾ ਕੁਲੈਕਸ਼ਨ ਪੁਆਇੰਟਾਂ ਤੋਂ ਕੂੜਾ ਚੁੱਕਣ ਲਈ ਵਿਕਲਪਿਕ ਪ੍ਰਬੰਧਾਂ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।