ਕੈਨੇਡਾ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ
ਕੈਨੇਡਾ ਭੇਜਣ ਦੇ ਨਾਂ 'ਤੇ 20 ਲੱਖ ਰੁਪਏ ਦੀ ਠੱਗੀ: ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
Publish Date: Mon, 06 Oct 2025 10:34 PM (IST)
Updated Date: Mon, 06 Oct 2025 10:34 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਥਾਣਾ ਸੋਹਾਣਾ ਪੁਲਿਸ ਨੇ ਵਰਕ ਪਰਮਿਟ ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਜੋੜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਬੀਰ ਸਿੰਘ ਅਤੇ ਉਸ ਦੀ ਪਤਨੀ ਮਨਿੰਦਰ ਕੌਰ ਵਜੋਂ ਹੋਈ ਹੈ। ਇਹ ਕਾਰਵਾਈ ਪਿੰਡ ਕੰਬਾਲੀ ਦੇ ਵਸਨੀਕ ਮਨਿੰਦਰ ਸਿੰਘ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਮਨਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਸਹੁਰੇ ਦੀ ਮੁਲਜ਼ਮ ਜਸਬੀਰ ਸਿੰਘ ਨਾਲ ਜਾਣ-ਪਛਾਣ ਸੀ। ਇਸੇ ਦੌਰਾਨ ਜਸਬੀਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜ ਸਕਦਾ ਹੈ ਕਿਉਂਕਿ ਕੈਨੇਡੀਅਨ ਅੰਬੈਸੀ ਵਿਚ ਉਸ ਦੀ ਚੰਗੀ ਜਾਣ-ਪਛਾਣ ਹੈ। ਇਸ ਕੰਮ ਲਈ ਮੁਲਜ਼ਮ ਨੇ 20 ਲੱਖ ਰੁਪਏ ਦੀ ਮੰਗ ਕੀਤੀ। ਮਨਿੰਦਰ ਸਿੰਘ ਦੇ ਅਨੁਸਾਰ, ਉਸ ਨੇ ਜਸਬੀਰ ਸਿੰਘ ਅਤੇ ਉਸ ਦੀ ਪਤਨੀ ਮਨਿੰਦਰ ਕੌਰ ਨੂੰ ਨਕਦ ਅਤੇ ਬੈਂਕ ਰਾਹੀਂ ਤਬਾਦਲਾ ਕਰਕੇ ਕੁੱਲ 20 ਲੱਖ ਰੁਪਏ ਦੀ ਰਾਸ਼ੀ ਦੇ ਦਿੱਤੀ ਪਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਰਾਸ਼ੀ ਵਾਪਸ ਕੀਤੀ। ਜਦੋਂ ਮਨਿੰਦਰ ਸਿੰਘ ਨੇ ਆਪਣੇ ਪੈਸੇ ਵਾਪਸ ਮੰਗੇ, ਤਾਂ ਮੁਲਜ਼ਮ ਜੋੜੇ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਿਕਾਇਤਕਰਤਾ ਨੇ ਬੈਂਕ ਰਾਹੀਂ 8 ਲੱਖ 50 ਹਜ਼ਾਰ ਰੁਪਏ ਤਬਦੀਲ ਕੀਤੇ ਸਨ, ਜਦੋਂ ਕਿ ਬਾਕੀ ਦੀ ਰਕਮ ਨਕਦ ਦਿੱਤੀ ਗਈ ਸੀ। ਜਾਂਚ ਪੂਰੀ ਹੋਣ ਤੇ, ਥਾਣਾ ਸੋਹਾਣਾ ਪੁਲਿਸ ਨੇ ਮੁਲਜ਼ਮ ਜਸਬੀਰ ਸਿੰਘ ਅਤੇ ਉਸ ਦੀ ਪਤਨੀ ਮਨਿੰਦਰ ਕੌਰ ਖ਼ਿਲਾਫ਼ ਧੋਖਾਧੜੀ ਅਤੇ ਹੋਰ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।