ਸਾਬਕਾ ਵਿਧਾਇਕ ਨੇ ਵਰਕਰ ਸੰਮੇਲਨ ਦੌਰਾਨ ਵਿਰੋਧੀ ਧਿਰ 'ਤੇ ਸਾਧੇ ਨਿਸ਼ਾਨੇ, ਵੋਟਰਾਂ ਨੂੰ ਲਾਮਬੰਦ ਹੋਣ ਦਾ ਦਿੱਤਾ ਸੱਦਾ

- ਵੋਟਰਾਂ ਨੂੰ ਲਾਮਬੰਦ ਹੋਣ ਦਾ ਦਿੱਤਾ ਸੱਦਾ
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਆਮ ਆਦਮੀ ਪਾਰਟੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਨੇੜਲੇ ਪਿੰਡ ਦੌਲਤ ਸਿੰਘ ਵਾਲਾ (ਭਬਾਤ) ਵਿਖੇ ਕਰਵਾਏ ਇਕ ਵਿਸ਼ਾਲ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਦਾਅਵਾ ਕੀਤਾ ਕਿ ‘ਆਪ’ ਨੇ ਜ਼ੀਰਕਪੁਰ ਦੀਆਂ ਕੁੱਲ ਇਕ ਲੱਖ 38 ਹਜ਼ਾਰ ਵੋਟਾਂ ਵਿਚੋਂ 44 ਹਜ਼ਾਰ ਵੋਟਰਾਂ ਦੀਆਂ ਵੋਟਾਂ ਕੱਟ ਦਿੱਤੀਆਂ ਹਨ, ਜੋ ਕਿ ਲੋਕਤੰਤਰ ਦਾ ਘਾਣ ਹੈ। ਐੱਨਕੇ ਸ਼ਰਮਾ ਨੇ ਕਿਹਾ ਕਿ ਡੇਰਾਬੱਸੀ ਹਲਕੇ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਵੱਡੇ ਪੱਧਰ ’ਤੇ ਵੋਟਾਂ ਵਿਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਨੂੰ ਆਪਣੇ ਉਮੀਦਵਾਰ ਮਿਲਣ ਦੀ ਉਮੀਦ ਨਹੀਂ ਸੀ, ਉਨ੍ਹਾਂ ਵਾਰਡਾਂ ਦੀ ਹੱਦਬੰਦੀ ਵਿਚ ਜਾਣਬੁੱਝ ਕੇ ਬਦਲਾਅ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਚਾਲਾਂ ਸਪੱਸ਼ਟ ਕਰਦੀਆਂ ਹਨ ਕਿ ‘ਆਪ’ ਦਾ ਆਧਾਰ ਖ਼ਤਮ ਹੋ ਚੁੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਲਗਾਤਾਰ ਉੱਪਰ ਜਾ ਰਿਹਾ ਹੈ। ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਦੌਰਾਨ ਜ਼ੀਰਕਪੁਰ ਨਗਰ ਕੌਂਸਲ ਨੇ ਲਗਭਗ 950 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ, ਪਰ ਸ਼ਹਿਰ ਵਿਚ ਕੋਈ ਵੀ ਠੋਸ ਵਿਕਾਸ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਜ਼ੀਰਕਪੁਰ ਦੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਬਰਬਾਦ ਕਰ ਰਹੀ ਹੈ।
-----
ਭ੍ਰਿਸ਼ਟਾਚਾਰ ਦੇ ਅੱਡੇ ਬਣੀਆਂ ਨਗਰ ਕੌਂਸਲਾਂ : ਸ਼ਰਮਾ
ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਭ੍ਰਿਸ਼ਟਾਚਾਰ ਦੇ ਗੜ੍ਹ ਬਣ ਚੁੱਕੇ ਹਨ। ਤਹਿਸੀਲਾਂ ਅਤੇ ਕੌਂਸਲ ਦਫ਼ਤਰਾਂ ਵਿਚ ਬਿਨਾਂ ਰਿਸ਼ਵਤ ਦੇ ਕੋਈ ਕੰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰੀ ਫੀਸਾਂ ਨਾਲੋਂ ਕਈ ਗੁਣਾ ਵੱਧ ਪੈਸੇ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਸਰਪ੍ਰਸਤੀ ਪ੍ਰਾਪਤ ‘ਵਸੂਲੀ ਗੈਂਗ’ ਵੱਲੋਂ ਵਸੂਲੇ ਜਾ ਰਹੇ ਹਨ। ਅਖ਼ੀਰ ਵਿਚ ਉਨ੍ਹਾਂ ਭਬਾਤ ਵਾਸੀਆਂ ਅਤੇ ਸਮੁੱਚੇ ਹਲਕੇ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਦੇ ਨਤੀਜੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖਣਗੇ। ਇਸ ਮੌਕੇ ਸਾਬਕਾ ਕੌਂਸਲਰ ਨਛੱਤਰ ਸਿੰਘ, ਸੁਰਿੰਦਰ ਛਿੰਦਾ, ਮਨਪ੍ਰੀਤ ਸਿੰਘ ਮਨੀ, ਰਣਜੀਤ ਕੌਰ, ਕਰਨੈਲ ਧੀਮਾਨ, ਜਗਦੇਵ ਸਿੰਘ, ਹੈਰੀ ਕੌਰ ਅਤੇ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।