ਸਾਬਕਾ ਵਿਧਾਇਕ ਸਤਿਕਾਰ ਕੌਰ ਤੇ ਭਤੀਜੇ ਨੂੰ ਮੁੜ ਪੁਲਿਸ ਰਿਮਾਂਡ ’ਤੇ ਭੇਜਿਆ, ਏਐੱਨਟੀਐੱਫ਼ ਦੀ ਟੀਮ ਪਿੰਡ ਅੱਲੇਪੁਰ ’ਚ ਸਾਬਕਾ ਵਿਧਾਇਕ ਦੇ ਘਰ ਦੀ ਤਲਾਸ਼ੀ ਲਵੇਗੀ
ਸਾਬਕਾ ਵਿਧਾਇਕ ਸਤਿਕਾਰ ਕੌਰ ਤੇ ਭਤੀਜੇ ਨੂੰ ਮੁੜ ਪੁਲਿਸ ਰਿਮਾਂਡ ’ਤੇ ਭੇਜਿਆ
Publish Date: Fri, 25 Oct 2024 10:07 PM (IST)
Updated Date: Fri, 25 Oct 2024 10:10 PM (IST)
ਸਾਬਕਾ ਵਿਧਾਇਕ ਸਤਿਕਾਰ ਕੌਰ ਤੇ ਭਤੀਜੇ ਨੂੰ ਮੁੜ ਪੁਲਿਸ ਰਿਮਾਂਡ ’ਤੇ ਭੇਜਿਆ, ਏਐੱਨਟੀਐੱਫ਼ ਦੀ ਟੀਮ ਪਿੰਡ ਅੱਲੇਪੁਰ ’ਚ ਸਾਬਕਾ ਵਿਧਾਇਕ ਦੇ ਘਰ ਦੀ ਤਲਾਸ਼ੀ ਲਵੇਗੀ
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਰੱਗ ਰੈਕੇਟ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਨੂੰ ਇਕ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੜ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਦੋਵਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ ’ਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਸਾਬਕਾ ਵਿਧਾਇਕ ਸਤਿਕਾਰ ਕੌਰ ਨੇ ਪੁਲਿਸ ਜਾਂਚ ’ਚ ਖ਼ੁਲਾਸਾ ਕੀਤਾ ਹੈ ਕਿ ਫਿਰੋਜ਼ਪੁਰ ਦੇ ਦੋ ਨੌਜਵਾਨ ਉਸ ਨੂੰ ਹੈਰੋਇਨ ਦੇਣ ਆਉਂਦੇ ਸਨ, ਜਿਸ ਨੂੰ ਉਹ ਅੱਗੇ ਸਪਲਾਈ ਕਰਦੀ ਸੀ। ਇਸ ਦੇ ਨਾਲ ਹੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਐੱਨਟੀਐੱਫ਼) ਦੀ ਟੀਮ ਨੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਪੈਂਦੇ ਪਿੰਡ ਅੱਲੇਵਾਲ ’ਚ ਸਤਿਕਾਰ ਕੌਰ ਦੇ ਘਰੋਂ ਕੁਝ ਸੁਰਾਗ਼ ਬਰਾਮਦ ਕੀਤੇ ਹਨ। ਟੀਮ ਨੇ ਇਸ ਘਰ ਦੀ ਤਲਾਸ਼ੀ ਲਈ ਅੱਜ ਅਦਾਲਤ ’ਚ ਇਜਾਜ਼ਤ ਮੰਗੀ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਏਐੱਨਟੀਐੱਫ਼ ਦੀ ਟੀਮ ਸਤਿਕਾਰ ਕੌਰ ਨੂੰ ਫ਼ਿਰੋਜ਼ਪੁਰ ਲੈ ਗਈ ਹੈ। ਇਸ ਦੇ ਨਾਲ ਹੀ ਉਸ ਦੇ ਘਰੋਂ ਮਿਲੀਆਂ ਪੰਜ ਗੱਡੀਆਂ (ਜਿਨ੍ਹਾਂ ਤੇ ਹਰਿਆਣਾ ਅਤੇ ਦਿੱਲੀ ਦੇ ਨੰਬਰ ਲੱਗੇ ਹੋਏ ਹਨ) ਦੀਆਂ ਨੰਬਰ ਪਲੇਟਾਂ ਦੀ ਜਾਂਚ ਕਰਨ ਲਈ ਆਰਟੀਓ ਤੋਂ ਜਾਣਕਾਰੀ ਮੰਗੀ ਗਈ ਹੈ ਅਤੇ ਤਿੰਨ ਦਿਨਾਂ ਦੇ ਅੰਦਰ ਸਤਿਕਾਰ ਕੌਰ ਦਾ ਵ੍ਹਟਸਐੱਪ ਰਿਕਾਰਡ ਵੀ ਮਿਲ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਵ੍ਹਟਸਐੱਪ ਰਿਕਾਰਡ ਮਿਲਣ ਤੋਂ ਬਾਅਦ ਕਈ ਅਹਿਮ ਖ਼ੁਲਾਸੇ ਸਾਹਮਣੇ ਆਉਣਗੇ ਅਤੇ ਇਸ ਮਾਮਲੇ ’ਚ ਕਈ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਬੀਤੇ ਦਿਨੀਂ ਮੈਡੀਕਲ ਦੌਰਾਨ ਜਸਕੀਰਤ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਸੀ। ਜਸਕੀਰਤ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਸੀ ਕਿ ਉਸ ਨੂੰ 20 ਦਿਨ ਪਹਿਲਾਂ ਹੀ ਖਰੜ ਬੁਲਾਇਆ ਗਿਆ ਸੀ। ਉਸ ਨੂੰ 15 ਹਜ਼ਾਰ ਰੁਪਏ ਤਨਖਾਹ ਅਤੇ ਰਹਿਣ ਲਈ ਕਮਰੇ ਦੀ ਪੇਸ਼ਕਸ਼ ਕੀਤੀ ਗਈ ਸੀ। ਦੱਸ ਦੇਈਏ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨੇ ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਖਰੜ ਦੇ ਬੂਥਵਾਲਾ ਚੌਕ ਨੇੜੇ ਹੈਰੋਇਨ ਦੀ ਤਸਕਰੀ ਕਰਦੇ ਹੋਏ ਫੜਿਆ ਸੀ। ਸਤਿਕਾਰ ਕੌਰ ਦੇ ਘਰੋਂ 28 ਗ੍ਰਾਮ ਚਿਟਾ, 1.56 ਲੱਖ ਰੁਪਏ ਅਤੇ ਗਹਿਣੇ ਬਰਾਮਦ ਹੋਏ ਹਨ।