ਸਾਬਕਾ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਚੋਣ ਮੈਦਾਨ ’ਚੋਂ ਖਿੱਚੇ ਪੈਰ; ਇਸ ਵਾਰ ਨਹੀਂ ਲੜਨਗੇ ਨਗਰ ਨਿਗਮ ਚੋਣ, ਸ਼ਹਿਰ ਦੀ ਸਿਆਸਤ ’ਚ ਮਚਾਈ ਤਰਥੱਲੀ
ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਵਾਰ ਨਗਰ ਨਿਗਮ ਚੋਣਾਂ ਨਾ ਲੜਨ ਦਾ ਐਲਾਨ ਕੀਤਾ। ਬੇਦੀ ਦੇ ਇਸ ਫੈਸਲੇ ਨਾਲ ਸ਼ਹਿਰ ਵਿੱਚ ਨਵੀਂ ਚਰਚਾ ਛਿੜ ਗਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਚੋਣ ਲੜਦੇ ਆ ਰਹੇ ਹਨ ਅਤੇ ਹਮੇਸ਼ਾ ਵੱਡੇ ਫਰਕ ਨਾਲ ਚੋਣ ਜਿੱਤਦੇ ਸੀ। ਕੁਲਜੀਤ ਬੇਦੀ ਦੇ ਚੋਣ ਮੈਦਾਨ ’ਚੋਂ ਬਾਹਰ ਹੋਣ ਨਾਲ ਉਨ੍ਹਾਂ ਦੇ ਵਾਰਡ ਅਤੇ ਮੁਹਾਲੀ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਉਮੀਦ ਹੈ।
Publish Date: Tue, 12 May 2026 03:47 PM (IST)
Updated Date: Tue, 12 May 2026 03:53 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਵਾਰ ਨਗਰ ਨਿਗਮ ਚੋਣਾਂ ਨਾ ਲੜਨ ਦਾ ਐਲਾਨ ਕੀਤਾ। ਬੇਦੀ ਦੇ ਇਸ ਫੈਸਲੇ ਨਾਲ ਸ਼ਹਿਰ ਵਿੱਚ ਨਵੀਂ ਚਰਚਾ ਛਿੜ ਗਈ ਹੈ। ਉਹ ਪਿਛਲੇ ਕਈ ਸਾਲਾਂ ਤੋਂ ਚੋਣ ਲੜਦੇ ਆ ਰਹੇ ਹਨ ਅਤੇ ਹਮੇਸ਼ਾ ਵੱਡੇ ਫਰਕ ਨਾਲ ਚੋਣ ਜਿੱਤਦੇ ਸੀ। ਕੁਲਜੀਤ ਬੇਦੀ ਦੇ ਚੋਣ ਮੈਦਾਨ ’ਚੋਂ ਬਾਹਰ ਹੋਣ ਨਾਲ ਉਨ੍ਹਾਂ ਦੇ ਵਾਰਡ ਅਤੇ ਮੁਹਾਲੀ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੀ ਉਮੀਦ ਹੈ।
ਮੰਗਲਵਾਰ ਨੂੰ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਗੱਲ ਪੁਸ਼ਟੀ ਕੀਤੀ ਕਿ ਉਹ ਨਗਰ ਨਿਗਮ ਚੋਣ ਨਹੀਂ ਲੜ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਬੇਟਾ ਜਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਚੋਣ ਲੜੇਗਾ।
ਕੁਲਜੀਤ ਬੇਦੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਸ਼ਾਇਦ ਉਨ੍ਹਾਂ ਤੋਂ ਕੋਈ ਵੱਡੀ ਸੇਵਾ ਲੈਣੀ ਚਾਹੁੰਦੀ ਹੈ। ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਵੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਿੱਥੇ ਸੇਵਾ ਲਾਏਗੀ ਜਾਂ ਜੋ ਦਿਸ਼ਾ-ਨਿਰਦੇਸ਼ ਹੋਣਗੇ। ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।
ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਪਾਰਟੀ ਉਨ੍ਹਾਂ ਨੂੰ ਕਿਹੜੀ ਨਵੀਂ ਜਾਂ ਵੱਡੀ ਜ਼ਿੰਮੇਵਾਰੀ ਸੌਂਪਦੀ ਹੈ। ਕੁਲਜੀਤ ਬੇਦੀ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਅਤੇ ਇਲਾਕੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਕਦੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਹੈ ਸਗੋਂ ਸੇਵਾ ਭਾਵਨਾ ਨਾਲ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਹੈ ਅਤੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਉਚ ਅਦਾਲਤਾਂ ਦਾ ਬੂਹਾ ਖੜਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਸ ਦਾ ਆਪਣਾ ਪਰਿਵਾਰ ਹੈ ਅਤੇ ਉਹ ਪਹਿਲਾਂ ਵਾਂਗ ਲੋਕਹਿੱਤ ਵਿੱਚ ਕੰਮ ਕਰਦੇ ਰਹਿਣਗੇ।