ਸਾਬਕਾ ਕੌਂਸਲਰ ਨਵਤੇਜ ਨਵੀ ਨੇ ਸਫ਼ਾਈ ਸੇਵਕਾਂ ਦਾ ਕੀਤਾ ਸਨਮਾਨ
ਸਾਬਕਾ ਕੌਂਸਲਰ ਨਵਤੇਜ ਨਵੀ ਨੇ ਸਫ਼ਾਈ ਸੇਵਕਾਂ ਦਾ ਕੀਤਾ ਸਨਮਾਨ
Publish Date: Tue, 05 May 2026 08:03 PM (IST)
Updated Date: Wed, 06 May 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਵਾਰਡ ਨੰ. 30 ਵਿਚ ਸਾਬਕਾ ਕੌਂਸਲਰ ਨਵਤੇਜ ਨਵੀ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਉਨ੍ਹਾਂ ਦੇ ਕੰਮ ਦੀ ਕਦਰ ਕਰਦਿਆਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਾਰਡ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਵਿਚ ਦਿਨ-ਰਾਤ ਇਕ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਵਿਚ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਸਫ਼ਾਈ ਸੇਵਕਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਨਵਤੇਜ ਨਵੀ ਨੇ ਕਿਹਾ ਕਿ ਸਮਾਜ ਵਿਚ ਸਫ਼ਾਈ ਸੇਵਕਾਂ ਦਾ ਸਥਾਨ ਬਹੁਤ ਉੱਚਾ ਹੈ, ਕਿਉਂਕਿ ਉਹ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਵਤੇਜ ਨਵੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਵਾਰਡ ਵਿਚ ਸਫ਼ਾਈ ਦੇ ਉੱਚੇ ਮਿਆਰਾਂ ਕਾਰਨ ਸਵੱਛ ਭਾਰਤ ਮਿਸ਼ਨ ਦੇ ਪ੍ਰੋਗਰਾਮ ਕੋਆਰਡੀਨੇਟਰ ਸੁਖਵਿੰਦਰ ਸਿੰਘ ਦਿਓਲ ਨੇ ਵੀ ਵਿਸ਼ੇਸ਼ ਤੌਰ ਤੇ ਵਾਰਡ ਦੇ ਪ੍ਰਬੰਧਾਂ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਵਾਰਡ ਨੰ. 30 ਅੱਜ ਪੂਰੇ ਸ਼ਹਿਰ ਲਈ ਇਕ ਮਿਸਾਲ ਬਣ ਕੇ ਉਭਰਿਆ ਹੈ। ਇਸ ਮੌਕੇ ਉਨ੍ਹਾਂ ਨੇ ਟੀਮ ਦੀ ਅਗਵਾਈ ਕਰ ਰਹੇ ਸੁਪਰਵਾਈਜ਼ਰ ਅਮਿਤ ਕੁਮਾਰ ਦੀ ਵੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸਨਮਾਨ ਹਾਸਲ ਕਰਨ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਦੇ ਚਿਹਰਿਆਂ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ। ਕਰਮਚਾਰੀਆਂ ਨੇ ਕਿਹਾ ਕਿ ਅਕਸਰ ਉਨ੍ਹਾਂ ਦੇ ਕੰਮ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ, ਪਰ ਸਾਬਕਾ ਕੌਂਸਲਰ ਨਵਤੇਜ ਨਵੀ ਵੱਲੋਂ ਦਿੱਤਾ ਗਿਆ ਇਹ ਮਾਣ-ਸਨਮਾਨ ਉਨ੍ਹਾਂ ਲਈ ਇਕ ਵੱਡੀ ਪ੍ਰੇਰਣਾ ਹੈ।