ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ’ਚ ਪਹਿਲੀ ਵਾਰ ਏਬੀਵੀਪੀ ਦਾ ਪ੍ਰਧਾਨ, ਗੌਰਵ ਵੀਰ ਸੋਹਲ ਨੇ ਜਿੱਤ ਦਰਜ ਕੀਤੀ
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਚੋਣਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਏਬੀਵੀਪੀ ਨੇ ਪ੍ਰਧਾਨ ਅਹੁਦੇ ਦਾ ਤਾਜ ਆਪਣੇ ਨਾਮ ਕੀਤਾ। 33 ਚੋਣਾਂ ਦੇ ਤਜ਼ਰਬੇ ਤੋਂ ਬਾਅਦ 34ਵੀਂ ਚੋਣ ਵਿਚ ਏਬੀਵੀਪੀ ਨੇ ਆਪਣਾ ਪ੍ਰਧਾਨ ਬਣਾਉਂਦੇ ਹੋਏ ਜਿੱਤ ਦਰਜ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਕਾਨੂੰਨ ਵਿਭਾਗ ਦੇ ਪੀਐੱਚਡੀ ਰਿਸਰਚ ਸਕਾਲਰ ਗੌਰਵ ਵੀਰ ਸੋਹਲ ਨੇ ਕੁੱਲ 3148 ਵੋਟਾਂ ਹਾਸਲ ਕਰ ਕੇ ਪੀਯੂ ਦੇ ਨਵੇਂ ਸਿਕੰਦਰ ਦਾ ਦਰਜਾ ਪ੍ਰਾਪਤ ਕੀਤਾ। ਗੌਰਵ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਗਿਲ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਸਟੂਡੈਂਟ ਫਰੰਟ ਦੇ ਸੁਮਿਤ ਸ਼ਰਮਾ ਨੂੰ 488 ਵੋਟਾਂ ਨਾਲ ਹਰਾ ਦਿੱਤਾ। ਸੁਮਿਤ ਨੂੰ ਕੁੱਲ 2660 ਵੋਟਾਂ ਮਿਲੀਆਂ। ਇਸ ਦੇ ਨਾਲ 1359 ਵੋਟਾਂ ਦੇ ਨਾਲ ਐੱਨਐੱਸਯੂਆਈ ਦੇ ਪ੍ਰਭਜੋਤ ਸਿੰਘ ਗਿੱਲ ਤੀਜੇ ਸਥਾਨ ’ਤੇ ਰਹੇ। ਇਸ ਵਾਰੀ ਚੋਣੀ ਦੰਗਲ ਵਿਚ ਗਠਜੋੜ ਜ਼ਿਆਦਾ ਸੀ। ਚੋਣੀ ਮੈਦਾਨ ਵਿਚ ਛੇ ਗਠਜੋੜ ਇਕ-ਦੂਜੇ ਨੂੰ ਟੱਕਰ ਦੇਣ ਲਈ ਉਤਾਰੇ ਸਨ। ਪਹਿਲਾਂ ਇਹ ਚੋਣ ਗਠਜੋੜਾਂ ਦੀ ਮੰਨੀ ਜਾ ਰਹੀ ਸੀ, ਪਰ ਬੁੱਧਵਾਰ ਨੂੰ ਆਏ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਇਹ ਚੋਣ ਗਠਜੋੜਾਂ ਦੀ ਨਹੀਂ ਸਗੋਂ ਚਿਹਰਿਆਂ ਦੀ ਰਹੀ। ਵੋਟਾਂ ਦੇ ਸ਼ੁਰੂਆਤੀ ਦੌਰ ਤੋਂ ਹੀ ਪ੍ਰਧਾਨ ਅਹੁਦੇ ਲਈ ਗੌਰਵ ਵੀਰ ਸੋਹਲ ਅਤੇ ਸੁਮਿਤ ਵਿਚਕਾਰ ਟੱਕਰ ਦੇਖਣ ਨੂੰ ਮਿਲੀ, ਪਰ ਗੌਰਵ ਸ਼ੁਰੂ ਤੋਂ ਅਖੀਰ ਤਕ ਸੁਮਿਤ ਤੋਂ ਅੱਗੇ ਰਹੇ। ਇਹ ਮੁਕਾਬਲਾ ਇਕਤਰਫ਼ਾ ਰਿਹਾ। ਇਸ ਦੇ ਨਾਲ ਉਪ ਪ੍ਰਧਾਨ ਅਹੁਦੇ ਦੇ ਜੇਤੂ ਏ ਅਸ਼ਮੀਤ ਸਿੰਘ ਨੂੰ ਕੁੱਲ 3478 ਵੋਟਾਂ ਮਿਲੀਆਂ। ਅਸ਼ਮੀਤ ਦਾ ਮੁਕਾਬਲਾ ਏਬੀਵੀਪੀ ਤੋਂ ਵੱਖ ਹੋ ਕੇ ਬਣੀ ਏਬੀਵੀਪੀ ਫਰੰਟ ਦੇ ਨਵੀਨ ਨਾਲ ਰਿਹਾ। ਨਵੀਨ ਨੂੰ 2828 ਵੋਟਾਂ ਮਿਲੀਆਂ। ਇਸ ਦੇ ਨਾਲ ਸਕੱਤਰ ਅਹੁਦੇ ਦੇ ਉਮੀਦਵਾਰ ਅਭਿਸ਼ੇਕ ਡਾਗਰ ਸੋਪੂ (ਜਸ਼ਨ ਜਵਾਂਦਾ ਗਰੁੱਪ) ਨੂੰ 3438 ਵੋਟਾਂ ਮਿਲੀਆਂ। ਉਨ੍ਹਾਂ ਦਾ ਮੁਕਾਬਲਾ ਇੰਡੀਅਨ ਇਨਸੋ (ਨੈਸ਼ਨਲ ਸਟੂਡੈਂਟਸ ਆਰਗਨਾਈਜ਼ੇਸ਼ਨ) ਦੇ ਵਿਸ਼ੇਸ਼ ਆਨੰਦ ਢਾਕਾ ਨਾਲ ਰਿਹਾ, ਜਿਨ੍ਹਾਂ ਨੂੰ 2716 ਵੋਟਾਂ ਮਿਲੀਆਂ। ਉੱਥੇ ਹੀ, ਸਾਂਝੇ ਸਕੱਤਰ ਅਹੁਦੇ ਲਈ ਮੋਹਿਤ ਮੰਦੇਰਨਾ ਨੇ 3138 ਵੋਟਾਂ ਦੇ ਨਾਲ ਬਾਜ਼ੀ ਮਾਰੀ। ਮੋਹਿਤ ਨੇ ਹਿਮਸੂ ਦੇ ਆਰਯਨ ਵਰਮਾ ਨੂੰ 318 ਵੋਟਾਂ ਨਾਲ ਹਰਾਇਆ। ਆਰਯਨ ਨੂੰ 2820 ਵੋਟਾਂ ਮਿਲੀਆਂ। ਦੱਸ ਦੇਈਏ ਕਿ ਮੋਹਿਤ ਸਿਕੰਦਰ ਬੂਰਾ ਦੇ ਉਮੀਦਵਾਰ ਸਨ। ਬੂਰਾ ਨੇ ਪਿਛਲੇ ਸਾਲ ਦੀਆਂ ਚੋਣਾਂ ਵਿਚ ਐੱਨਐੱਸਯੂਆਈ ਤੋਂ ਬਾਗੀ ਹੋ ਕੇ ਅਨੁਰਾਗ ਦਲਾਲ ਨੂੰ ਪੀਯੂ ਦੇ ਇਤਿਹਾਸ ਵਿਚ ਪਹਿਲੀ ਵਾਰ ਨਿਰਦਲੀਏ ਪ੍ਰਧਾਨ ਬਣਾਇਆ ਸੀ।