ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ’ਚ ਕੀਤੀ ਫੌਗਿੰਗ
ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਖੇਤਰ ਵਿਚ ਫੌਗਿੰਗ ਸ਼ੁਰੂ,
Publish Date: Mon, 04 May 2026 05:33 PM (IST)
Updated Date: Mon, 04 May 2026 05:35 PM (IST)

- ਫੌਗਿੰਗ ਸਮੇਂ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਖੁੱਲ੍ਹੇ ਰੱਖਣ : ਡਾ. ਜੈਨ - ਸਿਵਲ ਸਰਜਨ ਨੇ ਮੁਹਾਲੀ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ, ਬੀਡੀਪੀਓਜ਼ ਨੂੰ ਲਿਖਿਆ ਪੱਤਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਰਿਪੋਰਟਰ ਮੁਹਾਲੀ : ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਹਨ। ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਨੇ ਆਪੋ-ਆਪਣੇ ਖੇਤਰਾਂ ਵਿਚ ਫੌਗਿੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਹ ਕੰਮ ਅਪ੍ਰੈਲ ਮਹੀਨੇ ਤੋਂ ਚੱਲ ਰਿਹਾ ਹੈ ਪਰ ਹੁਣ ਸਿਹਤ ਵਿਭਾਗ ਨੇ ਸਖ਼ਤੀ ਵਰਤਨੀ ਸ਼ੁਰੂ ਕਰ ਦਿੱਤੀ ਹੈ। ਇਸ ਬਾਬਤ ਸਥਾਨਕ ਸਰਕਾਰਾਂ ਅਤੇ ਪੰਚਾਇਤ ਵਿਭਾਗ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਸੰਗੀਤਾ ਜੈਨ ਵੱਲੋਂ ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ ਅਤੇ ਸਾਰੇ ਬੀਡੀਪੀਓਜ਼ ਨੂੰ ਪੱਤਰ ਵੀ ਲਿਖਿਆ ਗਿਆ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਡੇਂਗੂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿੱਥੇ ਸਿਹਤ ਕਾਮਿਆਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ, ਉੱਥੇ ਜ਼ਿਲ੍ਹੇ ਅੰਦਰ ਸਾਰੇ ਉੱਚ-ਜੋਖ਼ਮ ਵਾਲੇ ਖੇਤਰਾਂ ਅਤੇ ਹੋਰਨਾਂ ਥਾਵਾਂ ’ਤੇ ਮੱਛਰਮਾਰ ਦਵਾਈ ਦਾ ਛਿੜਕਾਅ (ਫੌਗਿੰਗ) ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਟੀਮਾਂ ਫੌਗਿੰਗ ਕਰਨ ਲਈ ਆਉਂਦੀਆਂ ਹਨ, ਤਾਂ ਆਪਣੇ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਖੁੱਲ੍ਹੇ ਰੱਖੇ ਜਾਣ ਤਾਂ ਜੋ ਦਵਾਈ ਅੰਦਰ ਤੱਕ ਜਾ ਸਕੇ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਭਾਵੇਂ ਮੱਛਰਮਾਰ ਦਵਾਈ ਮੱਛਰ ਪੈਦਾ ਹੋਣ ਤੋਂ ਰੋਕਣ ਵਿਚ ਸਹਾਈ ਹੁੰਦੀ ਹੈ ਪਰ ਇਸ ਦੇ ਬਾਵਜੂਦ ਡੇਂਗੂ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਸੇ ਵੀ ਥਾਂ ’ਤੇ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਬੁ਼ਖ਼ਾਰ ਲਈ ਜ਼ਿੰਮੇਵਾਰ ਮੱਛਰ ਪੈਦਾ ਨਾ ਹੋ ਸਕੇ ਕਿਉਂਕਿ ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਵਧੇਰੇ ਜਾਣਕਾਰੀ ਲਈ ਮੈਡੀਕਲ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੁਹਾਲੀ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਸੰਜੀਵ ਕੰਬੋਜ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਸ਼ਹਿਰ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ। ਸ਼ਡਿਊਲ ਮੁਤਾਬਿਕ ਚੀਫ਼ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ ਅਤੇ ਸੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਰੋਜ਼ਾਨਾ ਸਬੰਧਤ ਟੀਮਾਂ ਨੂੰ ਫੌਗਿੰਗ ਦਵਾਈ ਦੇਣ ਉਪਰੰਤ ਸ਼ਾਮ ਨੂੰ 4 ਵਜੇ ਤੱਕ ਫੀਲਡ ਵਿਚ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੀਲਡ ਟੀਮਾਂ ਨੂੰ ਫੌਗਿੰਗ ਕਰਨ ਸਮੇਂ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਭੇਜਣ ਦੀ ਹਦਾਇਤ ਕੀਤੀ ਗਈ ਹੈ। ਪਿੰਡਾਂ ਅਤੇ ਸਲਮ ਏਰੀਆ ਜਿੱਥੇ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ, ਉੱਥੇ ਹੈਂਡੀ ਮਸ਼ੀਨਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਕੂਲਰਾਂ ਅਤੇ ਫ਼ਰਿੱਜਾਂ ਦੀਆਂ ਟਰੇਆਂ ਨੂੰ ਖ਼ਾਲੀ ਕਰ ਕੇ ਜ਼ਰੂਰ ਸੁਕਾਓ। ਹਰ ਸ਼ੁੱਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਵੇ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ ਅਤੇ ਟੁੱਟੇ ਭੱਜੇ ਭਾਂਡਿਆਂ ਵਿਚ ਪਾਣੀ ਖੜ੍ਹਾ ਨਾ ਹੋਣ ਦਿਓ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਅਤੇ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ।