ਕਿਸਾਨਾਂ ਨੇ ਮੁਹਾਲੀ ’ਚ ਟਰੈਕਟਰ ਮਾਰਚ ਕੱਢਿਆ, ਪੁਡਾ ਭਵਨ ਘੇਰਿਆ
ਕਿਸਾਨਾਂ ਨੇ ਮੁਹਾਲੀ ਵਿਚ ਟਰੈਕਟਰ ਮਾਰਚ ਕੱਢਿਆ, ਪੁੱਡਾ ਭਵਨ ਘੇਰਿਆ,
Publish Date: Tue, 19 May 2026 08:59 PM (IST)
Updated Date: Wed, 20 May 2026 04:11 AM (IST)

* ਮੁਹਾਲੀ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦਾ ਮਾਮਲਾ ਦਾ ਭਖ਼ਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਸਰਕਾਰ ਵੱਲੋਂ ਗਮਾਡਾ/ਪੁਡਾ ਰਾਹੀਂ ਮੁਹਾਲੀ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ ’ਚ ਮੰਗਲਵਾਰ ਨੂੰ ਖੇਤਰ ਦੇ ਕਿਸਾਨਾਂ ਵੱਲੋਂ ਰੋਸ ਵਜੋਂ ਪੁੱਡਾ ਭਵਨ ਤੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਇਲਾਕੇ ਦੇ ਕਿਸਾਨ ਲਾਂਡਰਾਂ ਤੋਂ ਬਨੂੜ ਸੜਕ ਤੇ ਸਥਿਤ ਦੈੜੀ ਫਲਾਈਓਵਰ ਥੱਲੇ ਸਵੇਰੇ 10 ਵਜੇ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਜਿੱਥੋਂ ਕਿਸਾਨ ਆਗੂ ਕਰਮਜੀਤ ਸਿੰਘ ਕੰਮਾਂ ਬੜੀ ਤੇ ਮੱਖਣ ਸਿੰਘ ਗੀਗੇਮਾਜਰਾ ਦੀ ਅਗਵਾਈ ਹੇਠ ਕਿਸਾਨ ਟਰੈਕਟਰ ਮਾਰਚ ਕਰਦੇ ਹੋਏ ਪੁੱਡਾ ਭਵਨ ਪਹੁੰਚੇ ਅਤੇ ਉਨ੍ਹਾਂ ਪੁਡਾ ਭਵਨ ਦਾ ਘਿਰਾਓ ਕਰ ਕੇ ਹੁਕਮਰਾਨਾਂ ਅਤੇ ਪੁਡਾ/ਗਮਾਡਾ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਤੇ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਪੁਡਾ ਅਥਾਰਟੀ ਕੌਡੀਆਂ ਦੇ ਭਾਅ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਦੀ ਕਿਸਾਨਾਂ ਦੀ ਰਾਏ ਲਈ ਜਾਵੇ ਤੇ ਮੌਜੂਦਾ ਮਾਰਕੀਟ ਮੁਤਾਬਕ ਜ਼ਮੀਨ ਦਾ ਭਾਅ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗਮਾਡਾ ਨੇ ਹਾਲ ਹੀ ’ਚ ਕਿਸਾਨਾਂ ਨੂੰ ਧਾਰਾ-11 ਦੇ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਨੂੰ ਲੈ ਕੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਇਕ ਮਤਾ ਪਾਸ ਕਰ ਕੇ ਫ਼ੈਸਲਾ ਲਿਆ ਕਿ ਇਲਾਕੇ ਦਾ ਕੋਈ ਵੀ ਕਿਸਾਨ ਗਮਾਡਾ ਨੂੰ ਕਿਸੇ ਵੀ ਪ੍ਰੋਜੈਕਟ ਲਈ ਆਪਣੀ ਜ਼ਮੀਨ ਦਾ ਇਕ ਟੁੱਕੜਾ ਵੀ ਨਹੀਂ ਦੇਵੇਗਾ, ਜਦੋਂ ਤੱਕ ਸਰਕਾਰ ਜ਼ਮੀਨ ਐਕਵਾਇਰ ਮਾਮਲੇ ’ਚ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਲੈਂਦੀ। ਉਨ੍ਹਾਂ ਗਮਾਡਾ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜ਼ਮੀਨਾਂ ਐਕਵਾਇਰ ਕਰਨ ਲਈ ਪਿੰਡਾਂ ’ਚ ਆਉਣ ਤੋਂ ਪਹਿਲਾਂ 100 ਵਾਰ ਸੋਚ ਵਿਚਾਰ ਕਰ ਲੈਣਾ। ਇਸ ਤੋਂ ਬਾਅਦ ਹੀ ਖੇਤਾਂ ’ਚ ਵੜਨ ਦੀ ਜ਼ੁਅਰਤ ਕਰਨ। ਮੰਗਲਵਾਰ ਨੂੰ ਪਿੰਡ ਕਰਾਲਾ ’ਚ ਹੋਵੇਗੀ ਜਨਤਕ ਸੁਣਵਾਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਸਰਪੰਚ ਕਰਾਲਾ ਨੇ ਦੱਸਿਆ ਕਿ ਗਮਾਡਾ ਵੱਲੋਂ ਜ਼ਬਰੀ ਜ਼ਮੀਨਾਂ ਐਕਵਾਇਰ ਕਰਨ ਲਈ ਮੰਗਲਵਾਰ ਨੂੰ ਪਿੰਡ ਕਰਾਲਾ ’ਚ ਜਨਤਕ ਸੁਣਵਾਈ ਲਈ ਬੈਠਕ ਰੱਖੀ ਗਈ ਸੀ ਪਰ ਕਿਸਾਨਾਂ ਦਾ ਵਿਰੋਧ ਦੇਖ ਕੇ ਕੋਈ ਅਧਿਕਾਰੀ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਗਮਾਡਾ ਪਹਿਲਾਂ ਹੀ ਅੱਠ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਕਾਰਵਾਈ ਆਰੰਭ ਕਰ ਚੁੱਕਾ ਹੈ ਅਤੇ ਹੁਣ ਪਿੰਡ ਕਰਾਲਾ, ਕੁਰੜਾ, ਅਜੀਜਪੁਰ, ਕਨੌੜ, ਸੇਖਨਮਾਜਰਾ, ਬੱਸੀ ਈਸੇ ਖਾਂ, ਮਾਣਕਪੁਰ ਕੱਲਰ ਅਤੇ ਬਨੂੜ ਦੀ ਕਰੀਬ 2600 ਏਕੜ ਹੋਰ ਐਕਵਾਇਰ ਕਰਨ ਲਈ ਨੋਟਿਸ ਜਾਰੀ ਕਰ ਰਿਹਾ ਹੈ, ਜੋ ਸਰਾਸਰ ਗ਼ਲਤ ਤੇ ਕਿਸਾਨ ਵਿਰੋਧੀ ਹੈ। ਉਂਝ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਸਟਾਫ਼ ਮੁਲਾਂਕਣ ਕਰਨ ਲਈ ਜ਼ਰੂਰ ਪਹੁੰਚਿਆ ਸੀ। ਪਿੰਡ ਕਰਾਲਾ ਤੇ ਅਜੀਜਪੁਰ ਦੇ ਵਸਨੀਕਾਂ ਅਤੇ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਨੇ ਸਾਂਝਾ ਮਤਾ ਪਾਸ ਕਰ ਕੇ ਫ਼ੈਸਲਾ ਲਿਆ ਕਿ ਕੋਈ ਵੀ ਕਿਸਾਨ ਗਮਾਡਾ/ਪੁਡਾ ਨੂੰ ਆਪਣੀ ਜ਼ਮੀਨ ਨਹੀਂ ਦੇਵੇਗਾ।