ਰਵਨੀਤ ਬਿੱਟੂ ਦੇ ਬਿਆਨ 'ਤੇ ਭੜਕੇ ਕਿਸਾਨ: ਪੰਜਾਬ ਪੁਲਿਸ ਖ਼ਿਲਾਫ਼ ਸ਼ਬਦਾਵਲੀ ਨੂੰ ਲੈ ਕੇ ਕੇਂਦਰੀ ਮੰਤਰੀ ਦਾ ਫੂਕਿਆ ਪੁਤਲਾ
ਸੰਯੁਕਤ ਕਿਸਾਨ ਮੋਰਚਾ ਤਹਿਸੀਲ ਡੇਰਾਬੱਸੀ ਅਧੀਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧੂਰੀ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਪੁਲਿਸ ਪ੍ਰਤੀ ਕੀਤੇ ਗਏ ਵਿਵਹਾਰ ਦੇ ਵਿਰੋਧ ਵਿੱਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਇਸ ਵਿਵਹਾਰ ਨੂੰ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਕਰਾਰ ਦਿੰਦਿਆਂ ਬਿੱਟੂ ਤੋਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਕੀਤੀ।
Publish Date: Thu, 28 May 2026 11:56 AM (IST)
Updated Date: Thu, 28 May 2026 11:58 AM (IST)

ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ - ਸੰਯੁਕਤ ਕਿਸਾਨ ਮੋਰਚਾ ਤਹਿਸੀਲ ਡੇਰਾਬੱਸੀ ਅਧੀਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਧੂਰੀ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਪੁਲਿਸ ਪ੍ਰਤੀ ਕੀਤੇ ਗਏ ਵਿਵਹਾਰ ਦੇ ਵਿਰੋਧ ਵਿੱਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਇਸ ਵਿਵਹਾਰ ਨੂੰ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਕਰਾਰ ਦਿੰਦਿਆਂ ਬਿੱਟੂ ਤੋਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਇੱਕ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਆਨ-ਕੈਮਰਾ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਗਾਲੀ-ਗਲੌਚ ਕਰਨਾ, ਇੱਕ ਮਹਿਲਾ ਐੱਸਐੱਸਪੀ ਦਾ ਅਪਮਾਨ ਕਰਨਾ ਅਤੇ ਕਾਨੂੰਨ ਦੀ ਉਲੰਘਣਾ ਕਰਨਾ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾ ਦੇ ਹੰਕਾਰ ਕਾਰਨ ਭਾਜਪਾ ਆਗੂ ਆਪਣੀਆਂ ਹੱਦਾਂ ਪਾਰ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਇੱਕ ਗੁਰਸਿੱਖ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਕਰਦੇ ਹੋਏ ਉਸ ਦਾ ਕਾਲਰ ਫੜਿਆ ਗਿਆ ਅਤੇ ਪੁਲਿਸ ਲਈ ਅਪਮਾਨਜਨਕ ਸ਼ਬਦ ਵਰਤੇ ਗਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇੱਕ ਮਹਿਲਾ ਅਧਿਕਾਰੀ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਗੱਲ ਕੀਤੀ ਗਈ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅੱਤਵਾਦ ਦੇ ਖ਼ਾਤਮੇ ਤੋਂ ਲੈ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਅਜਿਹੇ ਵਿੱਚ ਪੁਲਿਸ ਦਾ ਇਸ ਤਰ੍ਹਾਂ ਅਪਮਾਨ ਕਰਨਾ ਬਰਦਾਸ਼ਤਯੋਗ ਨਹੀਂ ਹੈ। ਇਸ ਮੌਕੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਪੰਜਾਬ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਦੱਪਰ, ਰਣਜੀਤ ਸਿੰਘ ਰਾਣਾ, ਨਿਰਮਲ ਸਿੰਘ ਨਾਭਾ ਅਤੇ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।