ਕਿਸਾਨ ਜਥੇਬੰਦੀਆਂ ਨੇ ਅਜ਼ੀਜ਼ਪੁਰ ਟੋਲ ਪਲਾਜ਼ਾ ਕੀਤਾ ਬੰਦ
ਤਰਨਪ੍ਰਰੀਤ ਸਿੰਘ ਗਿੱਲ, ਜ਼ੀਰਕਪੁਰ : ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸ਼ਨਿੱਚਰਵਾਰ ਨੂੰ ਅਜ਼ੀਜ਼ਪੁਰ ਟੋਲ ਪਲਾਜ਼ਾ ਨੂੰ ਤਿੰਨ ਘੰਟੇ ਲ
Publish Date: Sat, 20 Jan 2024 08:23 PM (IST)
Updated Date: Sat, 20 Jan 2024 08:23 PM (IST)
ਤਰਨਪ੍ਰਰੀਤ ਸਿੰਘ ਗਿੱਲ, ਜ਼ੀਰਕਪੁਰ : ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਸ਼ਨਿੱਚਰਵਾਰ ਨੂੰ ਅਜ਼ੀਜ਼ਪੁਰ ਟੋਲ ਪਲਾਜ਼ਾ ਨੂੰ ਤਿੰਨ ਘੰਟੇ ਲਈ ਬੰਦ ਰੱਖਿਆ ਗਿਆ। ਇਸ ਦੌਰਾਨ ਸਾਰੇ ਵਾਹਨ ਬਿਨਾਂ ਟੋਲ ਅਦਾ ਕੀਤੇ ਲੰਘਦੇ ਰਹੇ ਅਤੇ ਦੁਪਹਿਰ 2 ਵਜੇ ਤੋਂ ਬਾਅਦ ਲੋਕਾਂ ਨੂੰ ਪਹਿਲਾਂ ਵਾਂਗ ਟੋਲ ਅਦਾ ਕਰਕੇ ਜਾਣ ਦਿੱਤਾ ਗਿਆ। ਇਸ ਦੌਰਾਨ ਸ਼ਹਿਰ ਜ਼ੀਰਕਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਡਕੌਂਦਾ, ਪੁਆਧ ਅਤੇ ਬਨੂੜ ਤੋਂ ਮਜ਼ਦੂਰ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਟੋਲ ਪਲਾਜ਼ਾ ਨੂੰ ਤਿੰਨ ਘੰਟੇ ਲਈ ਬੰਦ ਰੱਖਿਆ ਗਿਆ। ਜਿਸ ਦਾ ਮਕਸਦ ਸਰਕਾਰ ਦੇ ਕੰਨਾਂ ਤੱਕ ਇਹ ਪਹੁੰਚਾਉਣਾ ਹੈ ਕਿ ਮੁੱਖ ਮੰਗ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨਾ ਹੈ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।
ਇਸ ਸਬੰਧੀ ਕਿਸਾਨ ਜਥੇਬੰਦੀਆਂ ਪਿਛਲੇ ਇਕ ਸਾਲ ਤੋਂ ਮੁਹਾਲੀ ਦੇ ਵਾਈਪੀਐੱਸ ਚੌਕ ਵਿਚ ਧਰਨੇ 'ਤੇ ਬੈਠੇ ਹਨ। ਪਰ ਨਾ ਤਾਂ ਕਿਸੇ ਅਧਿਕਾਰੀ ਨੇ ਉਸ ਦੀ ਗੱਲ ਸੁਣੀ ਅਤੇ ਨਾ ਹੀ ਪੰਜਾਬ ਸਰਕਾਰ ਦੇ ਕਿਸੇ ਆਗੂ ਨੇ ਉਨ੍ਹਾਂ ਦੀ ਗੱਲ ਸੁਣੀ ਹੈ। ਜਿਸ ਕਾਰਨ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਹੁਣ ਜੋ ਮਰਜ਼ੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ 'ਚ ਧਰਨੇ ਦੀ ਗੂੰਜ ਆਮ ਜਨਤਾ ਨੂੰ ਪੇ੍ਸ਼ਾਨ ਕੀਤੇ ਬਿਨਾਂ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਤਾਂ ਜੋ ਧਰਨੇ ਦਾ ਅਸਰ ਸਿੱਧਾ ਸਰਕਾਰ 'ਤੇ ਪਵੇ ਨਾ ਕਿ ਲੋਕਾਂ 'ਤੇ। ਜਿਸ ਕਾਰਨ ਸ਼ਨਿੱਚਰਵਾਰ ਨੂੰ ਪੰਜਾਬ ਦੇ ਲਗਭਗ ਸਾਰੇ ਟੋਲ ਪਲਾਜ਼ੇ ਰੋਸ ਵਜੋਂ ਬੰਦ ਰੱਖੇ ਗਏ। ਇਸ ਦੌਰਾਨ ਉਥੇ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਕਿਸਾਨ ਭਰਾ ਇੱਕ ਸਾਲ ਉਡੀਕ ਕਰ ਰਹੇ ਹਨ ਜੋ ਕਿ ਮੁਹਾਲੀ ਵਿਖੇ ਧਰਨੇ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਉਹ ਬੇਕਸੂਰ ਸਿੱਖਾਂ ਨੂੰ ਜੇਲ੍ਹਾਂ 'ਚੋਂ ਰਿਹਾਅ ਕਰਵਾ ਕੇ ਹੀ ਮੰਨਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਲੰਮਾ ਸਮਾਂ ਧਰਨਾ ਕਿਉਂ ਨਾ ਕਰਨਾ ਪਵੇ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ।